ਕੈਂਸਰ ਦੀ ਜੰਗ ਲੜ ਰਹੇ ਮਾਸੂਮ ਬੱਚਿਆਂ ਦੀ ਜ਼ਿੰਦਗੀ 'ਚ ਖੇੜਾ ਭਰ ਗਿਆ 'ਸਰਦ ਰੁੱਤ ਮੇਲਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਰਕ ਦੀ ਹਰਿਆਵਲ ਤੇ ਕੋਸੀ ਕੋਸੀ ਧੁੱਪ ਵਿਚ ਬੱਚਿਆਂ ਨੇ ਗੀਤ ਸੰਗੀਤ ਤੇ ਖੇਡਾਂ ਦਾ ਅਨੰਦ ਮਾਣਿਆ..........

ਦਿੱਲੀ ਵਿਖੇ ਹੋਇਆ 'ਸਰਦ ਰੁੱਤ ਮੇਲਾ' ਕੈਂਸਰ ਦੀ ਜੰਗ ਲੜ ਰਹੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਵਿਚ ਖੇੜਾ ਭਰ ਗਿਆ.......

ਨਵੀਂ ਦਿੱਲੀ : ਦਿੱਲੀ ਵਿਖੇ ਹੋਇਆ 'ਸਰਦ ਰੁੱਤ ਮੇਲਾ' ਕੈਂਸਰ ਦੀ ਜੰਗ ਲੜ ਰਹੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਵਿਚ ਖੇੜਾ ਭਰ ਗਿਆ। 'ਤਾਰੇ ਗਿਣ ਗਿਣ ਯਾਦ 'ਚ ਤੇਰੀ, ਮੈਂ ਤਾਂ ਜਾਗਾਂ ਰਾਤਾਂ ਨੂੰ' ਵਰਗੇ ਪੰਜਾਬੀ ਤੇ ਹਿੰਦੀ ਗੀਤ ਸੰਗੀਤ ਉੱਪਰ ਨਿੱਕੇ ਕੁੜੀਆਂ ਮੁੰਡਿਆਂ ਤੇ ਉਨਾਂ੍ਹ ਦੇ ਮਾਪਿਆਂ ਨੇ ਖ਼ੂਬ ਬੁਲ੍ਹੇ ਲੁੱਟੇ। ਐਤਵਾਰ ਨੂੰ ਇਥੋਂ ਦੇ ਉੱਤਰੀ ਦਿੱਲੀ ਵਿਚਲੇ ਪ੍ਰਿਅ ਦਰਸ਼ਨੀ ਪਾਰਕ, ਡੇਰਾਵਾਲ ਨਗਰ,  ਵਿਖੇ ਗੈਰ ਸਰਕਾਰੀ ਜੱਥੇਬੰਦੀਆਂ 'ਯੂਥ ਆਈਕੋਨ' ਤੇ 'ਕੈੱਨ ਸਪੋਰਟ' ਵਲੋਂ ਖ਼ਾਸਤੌਰ 'ਤੇ ਕੈਂਸਰ ਪੀੜ੍ਹਤ ਬੱਚਿਆਂ ਲਈ ਕਰਵਾਏ ਗਏ

ਮੇਲੇ ਵਿਚ ਏਮਜ਼ ਤੇ ਪੂਰਬੀ ਦਿੱਲੀ ਦੇ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ, ਦਿਲਸ਼ਾਦ ਗਾਰਡਨ ਤੋਂ ਇਲਾਜ ਕਰਵਾ ਰਹੇ 320 ਤੋਂ ਵੱਧ ਬੱਚਿਆਂ, ਉਨਾਂ੍ਹ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਸਣੇ ਕੁਲ 450 ਜਣਿਆਂ ਨੇ ਹਿੱਸਾ ਲਿਆ।  ਖੁਲ੍ਹੇ ਪਾਰਕ ਦੀ ਹਰਿਆਵਲ ਤੇ ਕੋਸੀ ਕੋਸੀ ਧੁੱਪ ਵਿਚ ਬੱਚਿਆਂ ਨੇ ਗੀਤ ਸੰਗੀਤ ਦਾ ਖ਼ੂਬ ਅਨੰਦ ਮਾਣਿਆ। ਖ਼ੇਡਾਂ ਵਿਚ ਵੱਧ ਚੜ੍ਹ ਕੇ, ਹਿੱਸਾ ਲੈਂਦੇ ਹੋਏ ਫ਼ੈਸ਼ਨ ਪਰੇਡ ਵਿਚ ਵੀ ਆਪਣੇ ਵੱਖਰੇ ਅੰਦਾਜ਼ ਪੇਸ਼ ਕੀਤੇ।  ਕਈ ਸਾਰੇ ਨੌਜਵਾਨ ਕਾਰਥਕੁਨ ਮੁੰਡੇ ਕੁੜੀਆਂ ਵੀ ਸ਼ਾਮਲ ਹੋਏ ਜਿਨ੍ਹਾਂ ਬੱਚਿਆਂ ਨਾਲ ਹਾਸਾ ਮਖੌਲ ਕਰ ਕੇ, ਮਾਹੌਲ ਖ਼ੁਸ਼ਨੁਮਾ ਬਣਾ ਦਿਤਾ। 

ਅਖ਼ੀਰ 'ਚ ਸਾਰਿਆਂ ਨੂੰ ਘਰ ਵਰਗੀ ਵਧੀਆ ਰੋਟੀ, ਕੜੀ ਚੌਲ, ਆਲੂ ਪੁੜੀਆਂ ਤੇ ਸੈਂਡਵਿਚ ਖਾਣ ਨੂੰ ਦਿਤੇ ਗਏ। ਬੱਚਿਆਂ ਨੂੰ 'ਸਕੂਲ ਬਸਤੇ' ਤੇ ਮਾਪਿਆਂ ਨੂੰ 'ਲੋਹੜੀ ਦੇ ਤਿਉਹਾਰ' ਦੀ ਵਧਾਈ ਦੇ ਨਾਲ ਮੁੰਗਫਲੀ, ਰਿਉੜੀ ਦੇ ਡੱਬਿਆਂ ਦੇ ਤੋਹਫ਼ੇ ਵੰਡੇ ਗਏ। ਏਮਜ਼ ਤੋਂ ਇਲਾਜ਼ ਕਰਵਾ ਰਹੇ ਤਿੰਨ ਸੋ ਤੋਂ ਵੱਧ ਕੈਂਸਰ ਪੀੜ੍ਹਤ ਬੱਚਿਆਂ 'ਤੇ ਉਨਾਂ੍ਹ ਦੇ ਮਾਪਿਆਂ ਨੂੰ ਮੇਲੇ ਵਿਚ ਲੈ ਕੇ, ਪੁੱਜੇ ਸ.ਪੁਖਰਾਜ ਸਿੰਘ, ਜੋ ਪਿਛਲੇ 7 ਸਾਲ ਤੋਂ ਬੱਚਿਆਂ ਦੇ ਦੁੱਖ ਸੁਖ ਦੇ ਸਾਥੀ ਬਣੇ ਹੋਏ ਹਨ, ਨੇ 'ਸਪੋਕਸਮੈਨ' ਨੂੰ ਦਸਿਆ, “ਮੈਨੂੰ ਤਸੱਲੀ ਹੈ ਕਿ ਇਨ੍ਹਾਂ ਗ਼ਰੀਬ ਤੇ ਲੋੜਵੰਤ ਬੱਚਿਆਂ ਦਾ ਕੁੱਝ ਦੁੱਖ ਵੰਡਾ ਰਿਹਾ ਹਾਂ ਤੇ ਇਨਾਂ੍ਹ ਨਾਲ ਮੇਰੀ ਗੂੜ੍ਹੀ ਸਾਂਝ ਬਣ ਚੁਕੀ ਹੈ।

ਜਿਸ ਕਿਸਮ ਦੀ ਬਿਮਾਰੀ ਤੋਂ ਇਹ ਗੁਜ਼ਰ ਰਹੇ ਹਨ, ਉਸ ਵਿਚ ਇਨਾਂ੍ਹ ਕੋਲ ਬਹਿ ਕੇ, ਦੁੱਖ ਸੁੱਖ ਪੁੱਛਣ ਨਾਲ ਹੀ ਇਨਾਂ੍ਹ ਦੇ ਮਾਸੂਮ ਚਿਹਰਿਆਂ 'ਤੇ ਖ਼ੁਸ਼ੀ ਪਰਤ ਆਉਂਦੀ ਹੈ। ਸਿੱਖੀ ਦੇ ਸੇਵਾ ਵਾਲੇ ਗੁਣ ਤੋਂ ਪ੍ਰੇਰਣਾ ਲੈਣ ਵਾਲੇ ਸ.ਪੁਖਰਾਜ ਸਿੰਘ ਨੇ ਬੱਚਿਆਂ ਨਾਲ ਸਾਂਝ ਬਾਰੇ ਕਿਹਾ, “ਜਿਸ ਦਿਨ ਤੁਸੀਂ ਦੂਜਿਆਂ ਦੀਆਂ ਅਸੀਸਾਂ ਵਿਚ ਸ਼ਾਮਲ ਹੋ ਜਾਂਦੇ ਹੋ, ਤਾਂ ਉਹ ਅਹਿਸਾਸ ਹੀ ਵੱਖਰਾ ਹੁੰਦਾ ਹੈ।“ ਗੈਰ-ਸਰਕਾਰੀ ਜੱਥੇਬੰਦੀ 'ਯੂਥ ਆਈਕੋਨ' ਜਿਸ ਵਲੋਂ ਇਹ 20 ਵਾਂ ਮੇਲਾ ਉਲੀਕਿਆ ਗਿਆ ਹੈ, ਦੇ ਮੁਖੀ ਅਨੀਸ਼ ਜੈਨ ਨੇ ਕਿਹਾ ਪਿਛਲੇ ਢਾਈ ਸਾਲ ਤੋਂ ਅਜਿਹੇ ਸਮਾਗਮ / ਮੇਲੇ ਕਰਵਾਏ ਜਾ ਰਹੇ ਹਨ

ਜਿਸ ਨਾਲ ਦੁਖੀਆਂ ਤੇ ਲੋੜਵੰਦਾਂ ਦਾ ਦੁੱਖ ਵੰਡਾਉਂਦਿਆਂ ਉਨਾਂ੍ਹ ਦੀਆਂ ਖ਼ੁਸ਼ੀਆਂ ਦਾ ਹਿੱਸੇਦਾਰ ਬਣਿਆ ਜਾ ਸਕੇ। ਅੱਜ ਮਾਡਲ ਟਾਊਨ ਵਾਰਡ ਨੰਬਰ 77 ਐਨ ਦੀ ਕੌਂਸਲਰ ਸੀਮਾ ਗੁਪਤਾ ਤੇ ਸ.ਅਵਤਾਰ ਸ਼ਾਹ ਸਿੰਘ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ ਤੇ ਬੱਚਿਆਂ ਤੇ ਉਨਾਂ੍ਹ ਦੇ ਪਰਵਾਰਾਂ ਦੀ ਸੁੱਖ ਸਾਂਦ ਮੰਗੀ। ਸਾਲ 1996 ਤੋਂ ਕੈਂਸਰ ਰੋਗੀਆਂ ਦੀ ਸਿਹਤ ਸੰਭਾਲ ਦੇ ਟੀਚੇ ਨੂੰ ਲੈ ਕੇ ਤੁਰ ਰਹੀ ਗੈਰ-ਸਰਕਾਰੀ ਜੱਥੇਬੰਦੀ 'ਕੈੱਨ ਸਪੋਰਟ' ਦੀ ਮੈਨੇਜਰ ਬੀਬੀ ਨੱਵਧਾ ਨੇ ਦਸਿਆ, “ਜੱਥੇਬੰਦੀ ਵਲੋਂ ਏਮਜ਼ ਦੇ ਕੋਲ ਗੁਲਮੋਹਰ ਪਾਰਕ ਵਿਖੇ ਬਣਾਏ ਗਏ

'ਡੇਅ ਕੇਅਰ ਸੈਂਟਰ' ਵਿਖੇ ਹਫ਼ਤੇ ਵਿਚ 0 ਤੋਂ 12 ਸਾਲ, 13 ਤੋਂ  21 ਸਾਲ ਅਤੇ ਉਸਦੇ ਵੱਧ ਉਮਰ ਦੇ 400 ਮਰੀਜ਼ ਆਉਂਦੇ ਹਨ,  ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਰੀਜ਼ ਦੀ ਸਾਂਭ ਸੰਭਾਲ ਦੇ ਢੰਗ ਤਰੀਕੇ ਦੱਸੇ ਜਾਂਦੇ ਹਨ। ਉਨਾਂ੍ਹ ਨੂੰ ਮਾਨਸਕ ਤੇ ਜਜ਼ਬਾਤੀ ਤੌਰ 'ਤੇ ਮਜ਼ਬੂਤ ਬਣਾਇਆ ਜਾਂਦਾ ਹੈ ਤੇ ਉਨਾਂ੍ਹ ਨੂੰ ਮੁਫ਼ਤ ਦਵਾ ਦਾਰੂ ਤੇ ਰੋਟੀ ਆਦਿ ਲਈ ਮਦਦ ਦਿਤੀ ਜਾਂਦੀ ਹੈ। ਕੈਂਸਰ ਦੀ ਮਾਰ ਹੇਠ ਆਉਣ ਪਿਛੋਂ ਜਿਨ੍ਹਾਂ ਬੱਚਿਆਂ ਦੀ ਪੜ੍ਹਾਈ ਵਿਚੇ ਹੀ ਰੁਕ ਜਾਂਦੀ ਹੈ, ਉਨਾਂ੍ਹ ਨੂੰ ਵੱਡੀਆਂ ਕੰਪਨੀਆਂ ਤੇ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਹੁਨਰਮੰਦ ਬਣਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ।

ਜੱਥੇਬੰਦੀ ਦਾ ਕੁਲ ਸਾਲਾਨਾ ਬਜਟ 7 ਕਰੋੜ 40 ਲੱਖ ਸਾਲਾਨਾ ਹੈ ਤੇ ਅਜਿਹੇ ਕਾਰਜ ਸਮਰਪਤ ਦਾਨੀਆਂ ਦੇ ਸਹਿਯੋਗ ਨਾਲ ਸਿਰੇ ਚੜ੍ਹ ਰਹੇ ਹਨ। ਇਸੇ ਜੱਥੇਬੰਦੀ ਦੀ ਕਾਰਕੁਨ ਭਾਨੂੰ ਸੇਠ ਨੇ ਦਸਿਆ, ਜਿਹੜੇ ਕੈਂਸਰ ਦੇ ਮਰੀਜ਼ ਤੰਦਰੁਸਤ ਨਹੀਂ ਹੋ ਸਕਦੇ, ਉਨਾਂ੍ਹ ਦੇ ਰਿਸ਼ਤੇਦਾਰਾਂ ਅਤੇ ਖ਼ੁਦ ਮਰੀਜ਼ਾਂ ਨੂੰ ਸਲਾਹ ਦੇ ਕੇ, ਹੋਰ ਢੰਗ ਤਰੀਕੇ ਨਾਲ ਸਮਝਾ-ਬੁਝਾ  ਕੇ, ਉਨਾਂ੍ਹ ਦੀ ਬਿਮਾਰੀ ਬਾਰੇ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾਂਦਾ ਹੈ, ਜਿਸ ਨਾਲ ਉਹ ਹੱਸਦੇ ਹੱਸਦੇ ਆਪਣੀ ਮੌਤ ਦਾ ਸਾਹਮਣ ਕਰ ਲੈਂਦੇ ਹਨ।

ਬੀਬੀ ਸੇਠ ਦਾ ਕਹਿਣਾ ਹੈ ਕਿ ਜੱਥੇਬੰਦੀ ਵਲੋਂ ਹਫ਼ਤੇ ਵਿਚ ਪੰਜ ਦਿਨ ਫ਼ੋਨ 'ਤੇ ਕੈਂਸਰ ਹੈਲਪਲਾਈ ਰਾਹੀਂ ਲੋਕਾਂ ਨੂੰ ਕੈਂਸਰ ਦੇ ਵੱਖ ਵੱਖ ਪੜਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤੇ ਹੋਰ ਲੋੜੀਂਦੀ ਜਾਣਕਾਰੀ ਦਿਤੀ ਜਾਂਦੀ ਹੈ। ਬਹੁਤੇ ਮਰੀਜ਼ ਦਿੱਲੀ ਤੋਂ ਬਾਹਰੋਂ ਯੂ.ਪੀ, ਬਿਹਾਰ, ਹਰਿਆਣਾ, ਪੰਜਾਬ ਤੇ ਹੋਰ ਥਾਂਵਾਂ ਤੋਂ ਪੁੱਜਦੇ ਹਨ, ਜਿਨ੍ਹਾਂ ਵਾਸਤੇ ਪੂਰਬੀ ਦਿੱਲੀ ਦੇ ਤਾਹੀਰ ਪੁਰ, ਦਿਲਸ਼ਾਦ ਗਾਰਡਨ ਵਿਖੇ ਇਕ ਸੈਂਟਰ ਕਾਇਮ ਹੈ, ਤੇ ਇਕ ਸੈਂਟਰ ਗੁਲਮੋਹਰ ਪਾਰਕ ਵਿਖੇ ਬਣਿਆ ਹੋਇਆ ਹੈ,

ਜਿਥੇ ਗੱਲਬਾਤ ਰਾਹੀਂ ਸਲਾਹ-ਮਸ਼ਵਰਾ ਕਰ ਕੇ, ਮਰੀਜ਼ਾਂ ਤੇ ਉਨਾਂ੍ਹ ਦੇ ਰਿਸ਼ਤੇਦਾਰਾਂ ਦਾ ਹੌਂਸਲਾ ਵਧਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਖ਼ਾਸ ਸੈਂਟਰਾਂ ਵਿਖੇ ਕੈਂਸਰ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੱਖ ਵੱਖ ਥੈਰੇਪੀਆਂ, ਦਿਤੀਆਂ ਜਾਂਦੀਆਂ ਹਨ, ਜਿਨ੍ਹਾਂ  ਵਿਚ ਹਸਾਉਣਾ, ਕਹਾਣੀ ਸੁਣਾਉਣਾ, ਤਿਉਹਾਰ ਮਨਾ ਕੇ, ਖੇੜੇ ਵਿਚ ਲਿਆਉਣਾ ਸ਼ਾਮਲ ਹੈ। ਪੜ੍ਹਾਈ ਬਾਰੇ ਸਲਾਹ ਮਸ਼ਵਰਾ, ਕੰਪਿਊਟਰ ਟ੍ਰੇਨਿੰਗ ਆਦਿ ਦੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।