"ਉਪ-ਰਾਜਪਾਲ ਸਾਡੇ ਹੈੱਡਮਾਸਟਰ ਨਹੀਂ, ਜੋ ਸਾਡੇ 'ਹੋਮਵਰਕ' ਦੀ ਜਾਂਚ ਕਰਨਗੇ" - ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਉਨ੍ਹਾਂ ਸਿਰਫ਼ ਸਾਡੇ ਪ੍ਰਸਤਾਵ 'ਤੇ ਹਾਂ ਜਾਂ ਨਾਂਹ ਕਹਿਣੀ ਹੈ 

Representative Image

 

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 'ਉਪ ਰਾਜਪਾਲ ਸਾਡੇ ਹੈੱਡਮਾਸਟਰ ਨਹੀਂ ਹਨ ਜੋ ਸਾਡੇ 'ਹੋਮਵਰਕ' ਦੀ ਜਾਂਚ ਕਰਨਗੇ, ਅਤੇ ਉਨ੍ਹਾਂ ਨੇ ਸਿਰਫ਼ ਸਾਡੇ ਪ੍ਰਸਤਾਵਾਂ ਨੂੰ ਹਾਂ ਜਾਂ ਨਾਂਹ ਕਹਿਣੀ ਹੈ।'

ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਸਰਕਾਰ ਦੇ ਕੰਮਾਂ ਵਿੱਚ ਸਿਆਸੀ ਕਾਰਨਾਂ ਕਰਕੇ ਜਾਣਬੁੱਝ ਕੇ ਅੜਿੱਕਾ ਪਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਕੰਮਕਾਜ 'ਚ ਕਥਿਤ ਦਖਲਅੰਦਾਜ਼ੀ ਅਤੇ ਅਧਿਆਪਕਾਂ ਨੂੰ  ਸਿਖਲਾਈ ਲਈ ਫਿਨਲੈਂਡ ਭੇਜਣ 'ਤੇ ਉਪ-ਰਾਜਪਾਲ ਦੇ ਇਤਰਾਜ਼ਾਂ ਖ਼ਿਲਾਫ਼ ਉਪ-ਰਾਜਪਾਲ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ।

ਉਪ-ਰਾਜਪਾਲ ਦੇ ਦਫ਼ਤਰ ਨੇ ਹਾਲਾਂਕਿ ਕਿਹਾ ਕਿ ਉਸ ਨੇ ਪ੍ਰਸਤਾਵ ਨੂੰ ਖਾਰਜ ਨਹੀਂ ਕੀਤਾ, ਸਗੋਂ ਸਰਕਾਰ ਨੂੰ ਇਸ ਬਾਰੇ 'ਚ ਇੱਕ ਸੰਪੂਰਨ ਮੁਲਾਂਕਣ ਕਰਨ ਦੀ ਸਲਾਹ ਦਿੱਤੀ ਹੈ।

ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨ ਤੋਂ ਬਾਅਦ ਮਾਰਚ ਸ਼ੁਰੂ ਹੋਇਆ। ਸਖ਼ਤ ਸੁਰੱਖਿਆ ਵਿਚਕਾਰ, ਕੇਜਰੀਵਾਲ ਅਤੇ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਦੋ ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ, ਪਰ ਪੁਲਿਸ ਨੇ ਉਪ-ਰਾਜਪਾਲ ਦੀ ਰਿਹਾਇਸ਼ ਤੋਂ ਕੁਝ ਮੀਟਰ ਦੀ ਦੂਰੀ 'ਤੇ ਉਨ੍ਹਾਂ ਨੂੰ ਰੋਕ ਲਿਆ। 'ਆਪ' ਵਿਧਾਇਕ ਉਪ-ਰਾਜਪਾਲ ਵੀ.ਕੇ. ਸਕਸੈਨਾ ਨੂੰ ਮਿਲਣ ਦੀ ਆਪਣੀ ਮੰਗ 'ਤੇ ਅੜੇ ਰਹੇ।

ਉਪ-ਰਾਜਪਾਲ ਦੇ ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਸੁਨੇਹਾ ਭੇਜਿਆ ਗਿਆ ਸੀ ਕਿ ਸਕਸੈਨਾ ਉਨ੍ਹਾਂ ਨੂੰ ਅਤੇ ਉਪ ਮੁੱਖ-ਮੰਤਰੀ ਨੂੰ ਮਿਲਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸੁਨੇਹਾ ਮਿਲਿਆ ਹੈ ਕਿ ਉਪ-ਰਾਜਪਾਲ ਉਨ੍ਹਾਂ ਨੂੰ ਅਤੇ ਉਪ-ਮੁੱਖ ਮੰਤਰੀ ਨੂੰ ਮਿਲਣ ਲਈ ਤਿਆਰ ਹਨ।

ਹਾਲਾਂਕਿ, ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਵੀ ਬੈਠਕ ਵਿੱਚ ਸ਼ਾਮਲ ਹੋਣ ਦਿੱਤਾ ਜਾਣਾ ਚਾਹੀਦਾ ਹੈ।

ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਕੇਜਰੀਵਾਲ ਅਤੇ ਵਿਧਾਇਕ ਵਿਧਾਨ ਸਭਾ ਵਾਪਸ ਮੁੜ ਗਏ। ਉਨ੍ਹਾਂ ਕਿਹਾ, "ਇਹ ਮੰਦਭਾਗਾ ਹੈ ਕਿ ਮੁੱਖ ਮੰਤਰੀ, ਉਪ-ਮੁੱਖ ਮੰਤਰੀ ਅਤੇ ਵਿਧਾਇਕ ਉਪ-ਰਾਜਪਾਲ ਨੂੰ ਮਿਲਣ ਲਈ ਸੜਕ 'ਤੇ ਉਡੀਕ ਕਰ ਰਹੇ ਹਨ, ਪਰ ਉਨ੍ਹਾਂ ਨੇ ਸਾਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।"

ਮਾਰਚ ਦੌਰਾਨ 'ਆਪ' ਵਿਧਾਇਕਾਂ ਨੇ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੇ ਸਰਕਾਰ ਦੇ ਪ੍ਰਸਤਾਵ 'ਤੇ ਕਥਿਤ ਤੌਰ 'ਤੇ ਇਤਰਾਜ਼ ਜਤਾਉਂਦਿਆਂ ਉਪ-ਰਾਜਪਾਲ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਧਾਇਕਾਂ ਨੇ ਸਕਸੈਨਾ ਨੂੰ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਇਜਾਜ਼ਤ ਦੇਣ ਲਈ ਨਾਅਰੇ ਵਾਲੇ ਤਖ਼ਤੀਆਂ ਫੜੀਆਂ ਹੋਈਆਂ ਸਨ।

ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ, ''ਇਹ ਮੰਦਭਾਗਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਵਿਧਾਇਕਾਂ ਨੂੰ ਉਪ-ਰਾਜਪਾਲ ਦੇ ਦਫ਼ਤਰ ਵੱਲ ਮਾਰਚ ਕਰਨਾ ਪਿਆ। ਮੈਨੂੰ ਉਮੀਦ ਹੈ ਕਿ ਲੈਫਟੀਨੈਂਟ ਗਵਰਨਰ ਆਪਣੀ ਗ਼ਲਤੀ 'ਤੇ ਗ਼ੌਰ ਕਰਨਗੇ ਅਤੇ ਅਧਿਆਪਕਾਂ ਨੂੰ ਫਿਨਲੈਂਡ ਵਿੱਚ ਸਿਖਲਾਈ ਦੇਣ ਦੀ ਇਜਾਜ਼ਤ ਦੇਣਗੇ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਪ-ਰਾਜਪਾਲ ਵੀ.ਕੇ. ਸਕਸੈਨਾ ਸੁਤੰਤਰ ਫ਼ੈਸਲੇ ਨਹੀਂ ਲੈ ਸਕਦੇ, ਪਰ ਉਹ ਅਜਿਹਾ ਕਰ ਰਹੇ ਹਨ।

ਕੇਜਰੀਵਾਲ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਦੇ ਕੰਮ ਵਿੱਚ ਸਿਆਸੀ ਕਾਰਨਾਂ ਕਰਕੇ ਜਾਣਬੁੱਝ ਕੇ ਵਿਘਨ ਪਾਇਆ ਜਾ ਰਿਹਾ ਹੈ, ਅਤੇ ਕਿਹਾ "ਉਪ-ਰਾਜਪਾਲ ਸਾਡੇ ਹੈੱਡਮਾਸਟਰ ਨਹੀਂ ਹਨ ਜੋ ਸਾਡੇ 'ਹੋਮਵਰਕ' ਦੀ ਜਾਂਚ ਕਰਨਗੇ'। ਉਨ੍ਹਾਂ ਨੇ ਸਿਰਫ਼ ਸਾਡੇ ਪ੍ਰਸਤਾਵਾਂ ਨੂੰ ਹਾਂ ਜਾਂ ਨਾਂਹ ਕਹਿਣੀ ਹੈ।"

ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਜੇਕਰ ਚੁਣੀ ਹੋਈ ਸਰਕਾਰ ਕੋਲ ਫ਼ੈਸਲੇ ਲੈਣ ਦੀ ਸ਼ਕਤੀ ਨਹੀਂ ਹੈ ਤਾਂ ਉਹ ਕਿਵੇਂ ਕੰਮ ਕਰੇਗੀ।

ਕੇਜਰੀਵਾਲ ਨੇ ਦੱਸਿਆ ਕਿ ਉਹ ਲੈਫ਼ਟੀਨੈਂਟ ਗਵਰਨਰ ਨੂੰ ਇਸ ਮੁੱਦੇ 'ਤੇ ਮੁਲਾਕਾਤ ਕਰਨ ਲਈ ਕਹਿ ਰਹੇ ਹਨ ਕਿ ਉਹ ਅਧਿਆਪਕਾਂ ਨੂੰ ਫਿਨਲੈਂਡ ਜਾਣ ਤੋਂ ਕਿਉਂ ਰੋਕ ਰਹੇ ਹਨ? ਉਨ੍ਹਾਂ ਕਿਹਾ, "ਫਿਨਲੈਂਡ 'ਚ ਸਭ ਤੋਂ ਵਧੀਆ ਸਿੱਖਿਆ ਪ੍ਰਣਾਲੀ ਹੈ... ਅਸੀਂ ਇੱਥੇ ਹੀ ਉਡੀਕ ਕਰਾਂਗੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਲੜਾਂਗੇ।"

ਉਪ-ਰਾਜਪਾਲ ਸਕਸੈਨਾ ਦੁਆਰਾ 'ਗ਼ੈਰ-ਕਨੂੰਨੀ ਅਤੇ ਅਣਚਾਹੀਆਂ ਰੁਕਾਵਟਾਂ ਤੇ ਦਖਲਅੰਦਾਜ਼ੀ' ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਅਤੇ ਸੱਤਾਧਾਰੀ 'ਆਪ' ਮੈਂਬਰਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਵਿਧਾਨ ਸਭਾ ਨੂੰ ਮੁਲਤਵੀ ਕਰ ਦਿੱਤਾ ਗਿਆ।

'ਆਪ' ਵਿਧਾਇਕਾਂ ਨੇ ਦਿੱਲੀ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਪ੍ਰੋਗਰਾਮ ਲਈ ਫਿਨਲੈਂਡ ਭੇਜਣ 'ਤੇ ਉਪ-ਰਾਜਪਾਲ ਦੇ 'ਇਤਰਾਜ਼ਾਂ' ਦਾ ਵਿਰੋਧ ਕੀਤਾ ਹੈ।

ਸਕਸੈਨਾ ਦੇ ਦਫ਼ਤਰ ਨੇ ਕਿਹਾ ਕਿ ਪ੍ਰਸਤਾਵ ਰੱਦ ਨਹੀਂ ਕੀਤਾ ਗਿਆ, ਪਰ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਦਾ ਸੰਪੂਰਨ ਮੁਲਾਂਕਣ ਕਰੇ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਗੁਣਵੱਤਾ 'ਤੇ ਪ੍ਰਭਾਵ ਦੇ ਸੰਦਰਭ ਵਿੱਚ ਲਾਗਤ-ਲਾਭ ਵਿਸ਼ਲੇਸ਼ਣ ਦਰਜ ਕਰੇ।

ਉਪ-ਰਾਜਪਾਲ ਦੇ ਦਫ਼ਤਰ ਨੇ ਕਿਹਾ ਕਿ ਉਪ-ਰਾਜਪਾਲ ਨੇ ਸਰਕਾਰ ਨੂੰ ਦੇਸ਼ ਅੰਦਰ ਉੱਤਮ ਸੰਸਥਾਵਾਂ ਵਿੱਚ ਅਜਿਹੇ ਸਿਖਲਾਈ ਪ੍ਰੋਗਰਾਮਾਂ ਦੀ ਜਾਂਚ ਅਤੇ ਪਛਾਣ ਕਰਨ ਦੀ ਵੀ ਸਲਾਹ ਦਿੱਤੀ ਹੈ, ਤਾਂ ਜੋ ਸਰੋਤਾਂ ਦੀ ਸਰਬੋਤਮ ਵਰਤੋਂ, ਮਾਲੀਏ ਦੀ ਨਿਆਂਪੂਰਨ ਵਰਤੋਂ ਅਤੇ ਪ੍ਰਸ਼ਾਸਨਿਕ ਪ੍ਰਭਾਵਸ਼ੀਲਤਾ ਯਕੀਨੀ ਬਣਾਈ ਜਾ ਸਕੇ।