ਕੀ ਅਗਲੇ 5 ਮਹੀਨਿਆਂ 'ਚ ਦੇਸ਼ ਵਿੱਚ ਮੰਦੀ ਦੀ ਸੰਭਾਵਨਾ? ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਕੀਤਾ ਇਹ ਦਾਅਵਾ
ਕਿਹਾ- ਇਹ ਸੱਚ ਹੈ ਕਿ ਇਸ ਸਮੇਂ ਵੱਖ-ਵੱਖ ਵਿਕਸਤ ਦੇਸ਼ ਕਰ ਰਹੇ ਨੇ ਮੰਦੀ ਦਾ ਸਾਹਮਣਾ
ਮਹਾਰਾਸ਼ਟਰ : ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਨਾਰਾਇਣ ਰਾਣੇ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੂਨ ਦੇ ਮਹੀਨੇ ਦੇਸ਼ ਵਿੱਚ ਮੰਦੀ ਆ ਸਕਦੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨਾਗਰਿਕ ਵਿਸ਼ਵ ਆਰਥਿਕ ਮੰਦੀ ਤੋਂ ਪ੍ਰਭਾਵਿਤ ਨਾ ਹੋਣ। ਨਰਾਇਣ ਰਾਣੇ ਨੇ ਮਹਾਰਾਸ਼ਟਰ ਦੇ ਪੁਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਖਦਸ਼ਾ ਪ੍ਰਗਟਾਇਆ ਹੈ।
ਰਾਣੇ ਪੁਣੇ ਵਿੱਚ ਪਹਿਲੀ ਜੀ-20 ਬੁਨਿਆਦੀ ਢਾਂਚਾ ਕਾਰਜ ਸਮੂਹ (ਆਈਡਬਲਿਊਜੀ) ਦੀ ਮੀਟਿੰਗ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇੱਕ ਨਿਊਜ਼ ਏਜੰਸੀ ਮੁਤਾਬਕ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਇਸ ਸਮੇਂ ਵੱਖ-ਵੱਖ ਵਿਕਸਤ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਹਨ। ਉਮੀਦ ਹੈ ਕਿ ਜੂਨ ਤੋਂ ਬਾਅਦ ਮੰਦੀ ਆ ਸਕਦੀ ਹੈ। ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਨਾਗਰਿਕ ਮੰਦੀ ਤੋਂ ਪ੍ਰਭਾਵਿਤ ਨਾ ਹੋਣ।
ਆਰਥਿਕ ਮੰਦੀ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਭਾਰਤ ਦੀ ਤਿਆਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਦੋਂ ਤੋਂ ਅਸੀਂ ਕੈਬਨਿਟ ਵਿੱਚ ਹਾਂ, ਸਾਨੂੰ ਜਾਣਕਾਰੀ (ਆਰਥਿਕ ਮੰਦੀ ਬਾਰੇ) ਮਿਲਦੀ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਨੂੰ ਇਸ ਬਾਰੇ ਸੁਝਾਅ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵੱਡੇ ਵਿਕਸਤ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।