ਕਲਮ ਅਤੇ ਕਾਗਜ਼ ਰਾਹੀਂ ਹੁੰਦਾ ਰਹੇਗਾ NEET-UG ਇਮਤਿਹਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਖਿਆ ਅਤੇ ਸਿਹਤ ਮੰਤਰਾਲਿਆਂ ਦਰਮਿਆਨ ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਐਲਾਨ

NEET

ਨਵੀਂ ਦਿੱਲੀ : ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਮੈਡੀਕਲ ਕੋਰਸਾਂ ’ਚ ਦਾਖਲੇ ਲਈ NEET-UG (ਨੈਸ਼ਨਲ ਐਲੀਜੀਬਿਲਟੀ-ਐਂਟਰੈਂਸ ਟੈਸਟ-ਗ੍ਰੈਜੂਏਟ) ਨੂੰ ਫਿਲਹਾਲ ਆਨਲਾਈਨ ਢੰਗ ਨਾਲ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਇਹ ਇਮਤਿਹਾਨ ‘ਪੈੱਨ ਅਤੇ ਪੇਪਰ ਮੋਡ’ ’ਚ ਹੁੰਦਾ ਰਹੇਗਾ। 

ਇਸ ਫੈਸਲੇ ਦਾ ਐਲਾਨ ਸਿੱਖਿਆ ਅਤੇ ਸਿਹਤ ਮੰਤਰਾਲਿਆਂ ਦਰਮਿਆਨ ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਕਿ ਕੀ NEET-UG ਨੂੰ ‘ਪੈੱਨ ਅਤੇ ਪੇਪਰ ਮੋਡ’ ’ਚ ਕੀਤਾ ਜਾਣਾ ਚਾਹੀਦਾ ਹੈ ਜਾਂ ‘ਆਨਲਾਈਨ ਮੋਡ’ ਵਿਚ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕੌਮੀ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਦੇ ਫੈਸਲੇ ਅਨੁਸਾਰ, NEET-UG ਇਕੋ ਦਿਨ ਅਤੇ ਉਸੇ ਸ਼ਿਫਟ (ਓ.ਐਮ.ਆਰ. ਅਧਾਰਤ) ’ਚ ‘ਪੈੱਨ ਅਤੇ ਪੇਪਰ ਮੋਡ’ ’ਚ ਕੀਤੀ ਜਾਵੇਗੀ।’’

ਇਮਤਿਹਾਨ ਦੇਣ ਵਾਲੇ ਉਮੀਦਵਾਰਾਂ ਦੀ ਗਿਣਤੀ ਦੇ ਹਿਸਾਬ ਨਾਲ NEET ਦੇਸ਼ ਦਾ ਸੱਭ ਤੋਂ ਵੱਡੀ ਦਾਖਲਾ ਇਮਤਿਹਾਨ ਹੈ। ਸਾਲ 2024 ’ਚ ਰੀਕਾਰਡ 24 ਲੱਖ ਤੋਂ ਵੱਧ ਉਮੀਦਵਾਰਾਂ ਨੇ ਇਹ ਇਮਤਿਹਾਨ ਦਿਤਾ ਸੀ। ਐਨ.ਟੀ.ਏ. ਮੈਡੀਕਲ ਕੋਰਸਾਂ ’ਚ ਦਾਖਲੇ ਲਈ ਹਰ ਸਾਲ NEET ਇਮਤਿਹਾਨ ਲੈਂਦਾ ਹੈ। MBBS ਕੋਰਸ ਲਈ ਕੁਲ 1,08,000 ਸੀਟਾਂ ਉਪਲਬਧ ਹਨ, ਜਿਨ੍ਹਾਂ ’ਚੋਂ ਲਗਭਗ 56,000 ਸਰਕਾਰੀ ਹਸਪਤਾਲਾਂ ’ਚ ਅਤੇ ਲਗਭਗ 52,000 ਪ੍ਰਾਈਵੇਟ ਕਾਲਜਾਂ ’ਚ ਹਨ। NEET ਦੇ ਨਤੀਜਿਆਂ ਦੀ ਵਰਤੋਂ ਦੰਦਾਂ ਦੇ ਡਾਕਟਰੀ, ਆਯੁਰਵੈਦ, ਯੂਨਾਨੀ ਅਤੇ ਸਿੱਧ ਦੇ ਅੰਡਰਗ੍ਰੈਜੂਏਟ ਕੋਰਸਾਂ ’ਚ ਦਾਖਲੇ ਲਈ ਵੀ ਕੀਤੀ ਜਾਂਦੀ ਹੈ। 

NEET ਲਈ ਕੰਪਿਊਟਰ ਅਧਾਰਤ ਟੈਸਟ (CBT) ਦੀ ਚੋਣ ਕਰਨ ਦਾ ਪ੍ਰਸਤਾਵ ਨਵਾਂ ਨਹੀਂ ਹੈ ਅਤੇ ਇਸ ’ਤੇ ਪਹਿਲਾਂ ਵੀ ਕਈ ਵਾਰ ਵਿਚਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਪਿਛਲੇ ਸਾਲ ਪ੍ਰਸ਼ਨ ਚਿੱਠੀ ਲੀਕ ਹੋਣ ਦੇ ਵਿਵਾਦ ਤੋਂ ਬਾਅਦ ਇਮਤਿਹਾਨ ਸੁਧਾਰਾਂ ਦਾ ਦਬਾਅ ਵਧ ਗਿਆ ਹੈ। 

NEET ਅਤੇ Phd ਦਾਖਲਾ ਇਮਤਿਹਾਨ ਨੈੱਟ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਆਲੋਚਨਾ ਦੇ ਵਿਚਕਾਰ, ਕੇਂਦਰ ਸਰਕਾਰ ਨੇ ਜੁਲਾਈ ’ਚ NTA ਵਲੋਂ ਇਮਤਿਹਾਨ ਦੇ ਪਾਰਦਰਸ਼ੀ, ਸੁਚਾਰੂ ਅਤੇ ਨਿਰਪੱਖ ਆਯੋਜਨ ਨੂੰ ਯਕੀਨੀ ਬਣਾਉਣ ਲਈ ਇਕ ਪੈਨਲ ਦਾ ਗਠਨ ਕੀਤਾ ਸੀ। ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਸਾਬਕਾ ਮੁਖੀ ਆਰ ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੇ ਉੱਚ ਪੱਧਰੀ ਪੈਨਲ ਨੇ ਸਿਫਾਰਸ਼ ਕੀਤੀ ਸੀ ਕਿ NEET-UG ਲਈ ਬਹੁ-ਪੜਾਅ ਦੀ ਜਾਂਚ ਇਕ ਵਿਵਹਾਰਕ ਸੰਭਾਵਨਾ ਹੋ ਸਕਦੀ ਹੈ ਜਿਸ ’ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ।