ਰਾਜਸਥਾਨ : ਰੋਹਿਤ ਗੋਦਾਰਾ ਗੈਂਗ ਦੇ ਸਰਗਰਮ ਮੈਂਬਰ ਦੀ ਪਤਨੀ ਇਟਲੀ ਤੋਂ ਗ੍ਰਿਫਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰਜੀਤ ਬਿਸ਼ਨੋਈ ਦੀ ਪਤਨੀ ਸੁਧਾ ਕੰਵਰ (26) ਨੂੰ ਬੁਧਵਾਰ ਨੂੰ ਇਟਲੀ ਦੇ ਤ੍ਰੇਪਾਨੀ ਕਸਬੇ ਤੋਂ ਗ੍ਰਿਫ਼ਤਾਰ ਕੀਤਾ

Sudha Kanwar and Amarjit Bishnoi.

ਜੈਪੁਰ : ਰਾਜਸਥਾਨ ਪੁਲਿਸ ਦੀ ਸਪੈਸ਼ਲ ਬ੍ਰਾਂਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਇੰਟਰਪੋਲ ਦੇ ਸਹਿਯੋਗ ਨਾਲ ਰੋਹਿਤ ਗੋਦਾਰਾ ਗੈਂਗ ਦੇ ਸਰਗਰਮ ਮੈਂਬਰ ਅਮਰਜੀਤ ਬਿਸ਼ਨੋਈ ਦੀ ਪਤਨੀ ਸੁਧਾ ਕੰਵਰ (26) ਨੂੰ ਬੁਧਵਾਰ ਨੂੰ ਇਟਲੀ ਦੇ ਤ੍ਰੇਪਾਨੀ ਕਸਬੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।

ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਐਂਟੀ ਗੈਂਗਸਟਰ ਟਾਸਕ ਫੋਰਸ) ਦਿਨੇਸ਼ ਐਮ.ਐਨ. ਨੇ ਦਸਿਆ ਕਿ ਗੈਂਗਸਟਰ ਅਮਰਜੀਤ ਬਿਸ਼ਨੋਈ ਅਤੇ ਸੁਧਾ ਕੰਵਰ ਦਾ ਗਿਰੋਹ ਧਮਕੀ ਭਰੇ ਫੋਨ ਕਰ ਕੇ ਅਮੀਰ ਕਾਰੋਬਾਰੀਆਂ ਤੋਂ ਪੈਸੇ ਵਸੂਲਦਾ ਹੈ ਅਤੇ ਗਿਰੋਹ ਦੇ ਮੈਂਬਰ ਫਿਰੌਤੀ ਦੇ ਪੈਸੇ ਨਾ ਮਿਲਣ ’ਤੇ ਵਿਅਕਤੀ ਅਤੇ ਉਸ ਦੇ ਪਰਵਾਰ ’ਤੇ ਗੋਲੀਆਂ ਵੀ ਚਲਾ ਦਿੰਦੇ ਹਨ। 

ਅਮਰਜੀਤ ਨੂੰ ਪਿਛਲੇ ਸਾਲ 8 ਜੁਲਾਈ ਨੂੰ ਇਟਲੀ ਦੀ ਸਥਾਨਕ ਪੁਲਿਸ ਨੇ ਏ.ਜੀ.ਟੀ.ਐਫ. ਦੀ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਸੁਧਾ ਕੰਵਰ ਨੇ ਅਪਣੇ ਪਹਿਲੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਗੈਂਗਸਟਰ ਅਮਰਜੀਤ ਬਿਸ਼ਨੋਈ ਨਾਲ ਵਿਆਹ ਕਰਵਾ ਲਿਆ ਅਤੇ ਉਸ ਦੀਆਂ ਅਪਰਾਧਕ ਗਤੀਵਿਧੀਆਂ ’ਚ ਉਸ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿਤੀ।

ਉਨ੍ਹਾਂ ਕਿਹਾ ਕਿ ਸੁਧਾ ਕੰਵਰ ਨੇ 3 ਦਸੰਬਰ, 2022 ਨੂੰ ਸੀਕਰ ’ਚ ਰਾਜੇਂਦਰ ਉਰਫ ਰਾਜੂ ਥੇਹਟ ਕਤਲ ਕੇਸ ਦੇ ਸ਼ੂਟਰਾਂ ’ਚੋਂ ਇਕ ਮਨੀਸ਼ ਉਰਫ ਬੱਚੀਆ ਨੂੰ ਪੈਸੇ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਨੇ ਇਸ ਮਾਮਲੇ ’ਚ ਸੁਧਾ ਨੂੰ 5 ਫ਼ਰਵਰੀ, 2023 ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਮਰਜੀਤ ਸੁਧਾ ਨੂੰ ਫਰਾਰ ਕਰ ਕੇ ਵਿਦੇਸ਼ ਬੁਲਾ ਚੁੱਕਾ ਸੀ। ਅਧਿਕਾਰੀ ਨੇ ਦਸਿਆ ਕਿ ਏ.ਜੀ.ਟੀ.ਐਫ. ਨੂੰ 10 ਅਕਤੂਬਰ, 2023 ਨੂੰ ਟੂਰਿਸਟ ਵੀਜ਼ਾ ’ਤੇ ਸੁਧਾ ਕੰਵਰ ਦੀ ਇਟਲੀ ਯਾਤਰਾ ਬਾਰੇ ਜਾਣਕਾਰੀ ਮਿਲੀ ਸੀ। 

ਉਨ੍ਹਾਂ ਨੇ ਦਸਿਆ ਕਿ ਸੁਧਾ ਨੂੰ ਬੁਧਵਾਰ ਨੂੰ ਸਥਾਨਕ ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ ਇਟਲੀ ਦੇ ਸਿਸਿਲੀ ’ਚ ਰਹਿਣ ਦੀ ਸੂਚਨਾ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਅਧਿਕਾਰੀ ਨੇ ਦਸਿਆ ਕਿ ਸੁਧਾ ਕੰਵਰ ਦੀ ਭਾਰਤ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।