ਪ੍ਰਧਾਨ ਮੰਤਰੀ ਨੇ ਭਾਰਤ ਦੀ ਸੱਭ ਤੋਂ ਤੇਜ਼ ਰੇਲ ਗੱਡੀ 'ਵੰਦੇ ਭਾਰਤ' ਨੂੰ ਹਰੀ ਝੰਡੀ ਵਿਖਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਮਗਰੋਂ ਦੁਖਦਾਈ ਮਾਹੌਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਭਾਰਤ ਦੀ ਪਹਿਲੀ.....

PM Modi

ਨਵੀਂ ਦਿੱਲੀ : ਪੁਲਵਾਮਾ ਹਮਲੇ ਮਗਰੋਂ ਦੁਖਦਾਈ ਮਾਹੌਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਭਾਰਤ ਦੀ ਪਹਿਲੀ ਸੈਮੀ-ਹਾਈ ਸਪੀਡ ਰੇਲ ਗੱਡੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾਈ। ਇਸ ਮੌਕੇ ਰੇਲ ਮੰਤਰੀ ਪੀਊਸ਼ ਗੋਇਲ ਅਤੇ ਰੇਲਵੇ ਬੋਰਡ ਦੇ ਮੈਂਬਰ ਹਾਜ਼ਰ ਸਨ ਅਤੇ ਉਹ ਵੀ ਰੇਲ ਗੱਡੀ ਦੇ ਉਦਘਾਟਨ ਸਫ਼ਰ ਦਾ ਹਿੱਸਾ ਬਣੇ। ਰੇਲ ਮੰਤਰੀ ਪੀਊਸ਼ ਗੋਇਲ ਨੇ ਸ਼ੁਕਰਵਾਰ ਨੂੰ ਕਿਹਾ ਕਿ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਾ ਉਨ੍ਹਾਂ ਅਤਿਵਾਦੀਆਂ ਨੂੰ ਕਰਾਰਾ ਜਵਾਬ ਹੈ ਜਿਨ੍ਹਾਂ ਨੇ ਪੁਲਵਾਮਾ ਹਮਲੇ ਦੀ ਸਾਜ਼ਿਸ਼ ਰਚੀ।

ਇਸ ਹਮਲੇ ਵਿਚ ਸੀ.ਆਰ.ਪੀ.ਐਫ਼. ਦੇ 40 ਜਵਾਨ ਸ਼ਹੀਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਜਾਰੀ ਰਖਦੇ ਹੋਏ ਇਸ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਉਣ ਦਾ ਫ਼ੈਸਲਾ ਫਿਰ ਤੋਂ ਉਠਣਾ ਉਸ ਜਜ਼ਬੇ ਤੋਂ ਪ੍ਰੇਰਿਤ ਹੈ ਜੋ 26/11 ਹਮਲੇ ਮਗਰੋਂ ਮੁੰਬਈ ਨੇ ਵਿਖਾਇਆ ਸੀ। ਸ਼ੁਕਰਵਾਰ ਨੂੰ ਦਿੱਲੀ ਅਤੇ ਵਾਰਾਣਸੀ ਵਿਚਕਾਰ ਰੇਲ ਗੱਡੀ ਦੇ ਉਦਘਾਟਨ ਸਫ਼ਰ ਦੌਰਾਨ ਗੋਇਲ ਨੇ ਕਿਹਾ, ''ਇਹ ਅਤਿਵਾਦੀਆਂ ਨੂੰ ਸੱਭ ਤੋਂ ਕਰਾਰਾ ਜਵਾਬ ਹੈ। ਤਾਂ ਸਾਡੇ ਜਵਾਨ ਅਤੇ ਨਾ ਹੀ ਦੇਸ਼ ਦੀ ਜਨਤਾ ਉਨ੍ਹਾਂ ਅੱਗੇ ਕਦੇ ਗੋਡੇ ਟੇਕੇਗੀ।'' ਇਹ ਰੇਲ ਗੱਡੀ ਦਿੱਲੀ ਤੋਂ ਵਾਰਾਣਸੀ ਦਾ ਸਫ਼ਰ 9 ਘੰਟੇ ਅਤੇ 45 ਮਿੰਟ ਵਿਚ ਪੂਰਾ ਕਰੇਗੀ।

ਇਸ ਵਿਚ ਕਾਨਪੁਰ ਅਤੇ ਇਲਾਹਾਬਾਦ 'ਚ 40 ਮਿੰਟ ਦਾ ਠਹਿਰਨ ਦਾ ਸਮਾਂ ਵੀ ਸ਼ਾਮਲ ਹੈ। ਸੈਮੀ ਹਾਈ ਸਪੀਡ 'ਟ੍ਰੇਨ 18' ਦਾ ਨਾਂ ਅਜੇ 'ਵੰਦੇ ਭਾਰਤ ਐਕਸਪ੍ਰੈਸ' ਰਖਿਆ ਗਿਆ ਹੈ। ਇਹ ਰੇਲ ਗੱਡੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਸਕਦੀ ਹੈ ਅਤੇ ਇਸ ਵਿਚ ਸ਼ਤਾਬਦੀ ਰੇਲ ਗੱਡੀਆਂ ਵਰਗੀ ਯਾਤਰੀ ਸ਼੍ਰੇਣੀ ਪਰ ਵਧੀਆ ਸਹੂਲਤਾਂ ਹਨ। ਰੇਲ ਗੱਡੀ ਲਈ ਟਿਕਟ ਦੀ ਬੁਕਿੰਗ ਪਹਿਲੇ ਦਿਨ ਹੀ ਪੂਰੀ ਹੋ ਗਈ ਹੈ ਅਤੇ ਆਮ ਜਨਤਾ ਲਈ ਇਹ ਰੇਲ ਗੱਡੀ 17 ਫ਼ਰਵਰੀ ਤੋਂ ਦਿੱਲੀ ਤੋਂ ਵਾਰਾਣਸੀ ਵਿਚਕਾਰ ਹਫ਼ਤੇ ਵਿਚ ਪੰਜ ਦਿਨ ਚਲਿਆ ਕਰੇਗੀ। (ਪੀਟੀਆਈ)