ਜੈਪੁਰ : ਰਾਜਸਥਾਨ ਦੇ ਖੈਰਥਲ-ਤਿਜਾਰਾ ਜ਼ਿਲ੍ਹੇ ਦੇ ਭਿਵਾੜੀ ਕਸਬੇ ਅੰਦਰ ਸੋਮਵਾਰ ਨੂੰ ਆਤਿਸ਼ਬਾਜ਼ੀ ਬਣਾਉਣ ਵਾਲੀ ਇਕ ਨਾਜਾਇਜ਼ ਫ਼ੈਕਟਰੀ ’ਚ ਅੱਗ ਲੱਗਣ ਕਰਾਨ ਸੱਤ ਮਜ਼ਦੂਰਾਂ ਦੀ ਸੜ ਕੇ ਮੌਤ ਹੋ ਗਈ ਅਤੇ ਦੋ ਹੋਰ ਅੰਦਰ ਫਸੇ ਰਹਿ ਗਏ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਮਿਤਰਾ ਪਾਰੀਕ ਨੇ ਕਿਹਾ, ‘‘ਇਸ ਘਟਨਾ ’ਚ ਸੱਤ ਲੋਕਾਂ ਦੀ ਮੌਤ ਹੋਈ ਹੈ। ਇਹ ਇਕ ਕਪੜਾ ਫ਼ੈਕਟਰੀ ਸੀ, ਪਰ ਅੰਦਰ ਨਾਜਾਇਜ਼ ਰੂਪ ’ਚ ਪਟਾਕੇ ਬਣਾਏ ਜਾ ਰਹੇ ਸਨ।’’ ਉਨ੍ਹਾਂ ਕਿਹਾ ਕਿ ਫ਼ੈਕਟਰੀ ’ਚ ਦੋ ਵਿਅਕਤੀ ਫਸੇ ਹੋਏ ਹਨ। ਇਹ ਹਾਦਸਾ ਭਿਵਾੜੀ ਦੇ ਖੁਸ਼-ਖੇੜਾ-ਕਰੋਲੀ ਉਦਯੋਗਿਕ ਖੇਤਰ ’ਚ ਵਾਪਰਿਆ।
ਪਾਰੀਕ ਨੇ ਕਿਹਾ, ‘‘ਅਹਾਤੇ ਨੂੰ ਕਪੜਾ ਫ਼ੈਕਟਰੀ ਦੇ ਨਾਂ ’ਤੇ ਕਿਰਾਏ ’ਤੇ ਲਿਆ ਗਿਆ ਸੀ, ਪਰ ਸ਼ੁਰੂਆਤੀ ਰੀਪੋਰਟ ਅਨੁਸਾਰ ਅੰਦਰ ਨਾਜਾਇਜ਼ ਰੂਪ ’ਚ ਪਟਾਕੇ ਬਣਾਏ ਜਾ ਰਹੇ ਸਨ।’’ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਨਿਯਮਤ ਗਸ਼ਤ ਦੌਰਾਨ ਮਿਲੀ, ਇਸ ਤੋਂ ਬਾਅਦ ਤੁਰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਜ਼ਿਲ੍ਹਾ ਅਧਿਕਾਰੀ ਅਤਰਿਕਾ ਸ਼ੁਕਲਾ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਸ਼ੁਕਲਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ।
ਸ਼ੁਰੂਆਤੀ ਰੀਪੋਰਟ ਅਨੁਸਾਰ ਫ਼ੈਕਟਰੀ ’ਚ 20 ਤੋਂ ਜ਼ਿਆਦਾ ਲੋਕ ਮੌਜੂਦ ਸਨ। ਅੱਗ ਲਗਦਿਆਂ ਹੀ ਕਈ ਮਜ਼ਦੂਰ ਬਾਹਰ ਨਿਕਲਣ ’ਚ ਸਫ਼ਲ ਰਹੇ, ਜਦਕਿ ਨੌਂ ਲੋਕ ਅੰਦਰ ਫਸ ਗਏ। ਇਨ੍ਹਾਂ ’ਚੋਂ ਸੱਤ ਸੜ ਕੇ ਮਰ ਗਏ। ਡੇਢ ਘੰਟੇ ਤੋਂ ਵੱਧ ਸਮੇਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ, ਕੁਝ ਹੱਡੀਆਂ ਵੀ ਬਰਾਮਦ ਹੋਈਆਂ।
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰਤ ਰਾਹਤ ਅਤੇ ਬਚਾਅ ਕਾਰਜ ਕਰਨ ਦੇ ਹੁਕਮ ਦਿਤੇ ਅਤੇ ਜੰਗਲਾਤ ਮੰਤਰੀ ਸੰਜੇ ਸ਼ਰਮਾ ਨੂੰ ਅਲਵਰ ਭੇਜਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤ ਲੋਕਾਂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਅਤੇ ਜ਼ਖ਼ਮੀਆਂ ਦੇ ਛੇਤੀ ਸਹਿਤਮੰਦ ਹੋਣ ਦੀ ਪ੍ਰਾਰਥਨਾ ਕੀਤੀ। ਕਾਂਗਰਸ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਇਸ ਨੂੰ ਮੰਦਭਾਗੀ ਘਟਨਾ ਦਸਿਆ ਅਤੇ ਜਾਂਚ ਦੀ ਮੰਗ ਕੀਤੀ।
Fire breaks out at illegal firecracker factory in Bhiwadi