ਸਾਕਸ਼ੀ ਮਹਾਰਾਜ ਨੇ 2019 ਦੀਆਂ ਚੋਣਾਂ ਨੂੰ ਐਲਾਨਿਆ ਆਖ਼ਰੀ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ 2019 ਦੀ ਲੋਕਸਭਾ ਚੋਣਾਂ ਜਿੱਤਣ ਜਾ ਰਹੇ ਹਾਂ ਅਤੇ ਚੋਣਾਂ ਜਿੱਤਣ ਤੋਂ ਬਾਅਦ ਅਗਲੇ 50 ਸਾਲਾਂ ਤਕ ਕੋਈ ਵੀ ਸਾਨੂੰ ਸਰਕਾਰ ਵਿਚੋਂ ਬਾਹਰ ਨਹੀਂ ਕੱਢ ਸਕੇਗਾ

Sakshi Maharaj with P.M. Modi

ਉਨਾਵ : ਉੱਤਰ ਪ੍ਰਦੇਸ਼ ਦੇ ਭਾਜਪਾ ਸੰਸਦ ਮੈਬਰ ਸਾਕਸ਼ੀ ਮਹਾਰਾਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਹਨਾਂ ਚੋਣਾਂ ਤੋਂ ਬਾਅਦ 2024 ਦੀਆ ਲੋਕ ਸਭਾ ਚੋਣਾਂ ਦੀ ਜ਼ਰੂਰਤ ਨਹੀਂ ਹੋਵੇਗੀ, ਇਸ ਲਈ ਉਹ ਮੋਦੀ ਲਹਿਰ ਦਾ ਧੰਨਵਾਦ ਕਰਦੇ ਹਨ। ਹਮੇਸਾਂ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾਂ ਵਿਚ ਰਹਿਣ ਵਾਲੇ ਸਾਕਸ਼ੀ ਮਹਾਰਾਜ ਦਾ ਇਹ ਬਿਆਨ 2019 ਦੀ ਲੋਕ ਸਭਾ ਚੋਣਾਂ ਤੋਂ ਠੀਕ ਇਕ ਮਹੀਨੇ ਪਹਿਲਾਂ ਆਇਆ ਹੈ। ਸੂਤਰਾਂ ਦੇ ਅਨੁਸਾਰ ਸਾਕਸ਼ੀ ਮਹਾਰਾਜ ਨੇ ਕਿਹਾ, ਮੈਂ ਇਕ ਸੰਨਿਆਸੀ ਹਾਂ ਅਤੇ ਜੋ ਵੀ ਮੇਰੀ ਜ਼ੁਬਾਨ ਤੇ ਆਉਦਾ ਹੈ ਉਹ ਮੈਂ ਬਿਆਨ ‘ਚ ਕਹਿ ਦਿੰਦਾ ਹਾਂ।

ਮੇਰਾ ਮੰਨਣਾ ਇਹ ਹੈ ਕਿ ਇਨਾਂ ਚੋਣਾਂ ਤੋਂ ਬਾਅਦ 2024 ਵਿਚ ਕੋਈ ਚੋਣਾਂ ਨਹੀਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ 2014 ਵਿਚ ਮੋਦੀ ਨਾਮ ਦੀ ਲਹਿਰ ਸੀ ਪਰ 2019 ਮੋਦੀ ਨਾਮ ਦੀ ਸੁਨਾਮੀ ਹੈ, ਅਤੇ ਦੁਨਿਆਂ ਦੀ ਕੋਈ ਤਾਕਤ ਉਨਾਂ ਦੀ ਬਹੁਮਤ ਨਾਲ ਬਣਨ ਜਾ ਰਹੀ ਸਰਕਾਰ ਨੂੰ ਨਹੀਂ ਰੋਕ ਸਕਦੀ। ਸਾਕਸ਼ੀ ਮਹਾਰਾਜ ਨੇ ਇਹ ਦਾਅਵਾ ਕੀਤਾ ਹੈ ਕਿ ਦੇਸ਼ ਦੇ ਲੋਕਾਂ ਵਿਚ ਜਾਗਰੂਕਤਾ ਆ ਰਹੀ ਹੈ ਅਤੇ ਆਉਣ ਵਾਲੇ ਚੋਣਾਂ ਇਸ ਜਾਗਰੂਕਤਾ ਤੇ ਹੋਣ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿਚ ਚਰਚਾ ਹੋ ਰਹੀ ਹੈ ਕਿ ਦੇਸ਼ ਦੀ ਹੋਂਦ ਮੋਦੀ ਕਾਰਨ ਹੈ। ਇਹ ਚੋਣਾਂ ਪਾਰਟੀ ਦੀ ਨਹੀਂ ਪੂਰੇ ਦੇਸ਼ ਦੀਆਂ ਹਨ। ਦੇਸ਼ ਵਿਚ ਪਹਿਲੀ ਵਾਰ ਏਨੇ ਵਿਆਪਕ ਪੱਧਰ ਤੇ ਜਾਗਰੂਕਤਾ ਆਈ ਹੈ।

ਭਾਜਪਾ ਸੰਸਦ ਦੇ ਬਿਆਨ ਦੇ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਟਿੱਪਣੀ ਕੀਤੀ । ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਆਪਣੇ ਮਨਸੂਬੇ ਸਾਫ਼ ਕਰ ਦਿੱਤੇ ਹਨ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੋਦੀ ਅਤੇ ਅਮਿਤ ਦੀ ਜੋੜੀ ਦੁਬਾਰਾ ਆ ਗਈ ਤਾਂ ਵਿਧਾਨ ਬਦਲ ਦੇਣਗੇ ਅਤੇ ਚੋਣਾਂ ਹੀ ਬੰਦ ਕਰਵਾ ਦੇਣਗੇ। ਹਿਟਲਰ ਨੇ ਵੀ ਅਜਿਹਾ ਕੀਤਾ ਸੀ।

ਸਾਕਸ਼ੀ ਮਹਾਰਾਜ ਨੇ ਉੱਤਰ ਪ੍ਰਦੇਸ਼ ਦੀਆਂ ਲੋਕ ਸਭਾ ਚੋਣਾਂ ਵਿਚ ਉਨਾਵ ਦੀ ਸੀਟ ਤੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਪਹਿਲਾ 13 ਮਾਰਚ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਆਉਣ ਵਾਲੀ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਦੇਣ ਤੋਂ ਮਨ੍ਹਾ ਕਰ ਦਿਤਾ ਜਾਦਾ ਹੈ ਫਿਰ ਵੀ ਉਹ ਭਾਜਪਾ ਲਈ ਹੀ ਪ੍ਰਚਾਰ ਕਰਨਗੇ। ਉਨ੍ਹਾਂ ਨੇ ਕਿਹਾ ਸੀ, ਮੇਰੇ ਮਨ ਵਿਚ ਟਿਕਟ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਹੈ। ਮੈਨੂੰ ਪਤਾ ਹੈ ਕਿ ਉਨਾਵ ਦੀ ਸੀਟ ਤੋਂ ਟਿਕਟ ਮੈਨੂੰ ਹੀ ਦਿੱਤੀ ਜਾਵੇਗੀ। ਜੇਕਰ ਮੈਨੂੰ ਟਿਕਟ ਨਹੀਂ ਵੀ ਮਿਲਦੀ ਤਾਂ ਵੀ ਮੈਂ ਪਾਰਟੀ ਦੇ ਹੱਕ ਵਿਚ ਹੀ ਪ੍ਰਚਾਰ ਕਰਾਗਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪਿਛਲੇ ਸਾਲ ਸਤੰਬਰ ਵਿਚ ਦਿੱਲੀ ‘ਚ ਭਾਜਪਾ ਕਾਰਜਕਾਰਨੀ ਦੀ ਬੈਠਕ ਦੇ ਬਾਅਦ ਨੇਤਾ ਅਤੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਅਗਲੇ ਪੰਜ ਦਹਾਕੇਆ ਤੱਕ ਦੇਸ਼ ਤੇ ਰਾਜ ਕਰਨ ਜਾ ਰਹੀ ਹੈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ। ਅਸੀਂ 2019 ਦੀ ਲੋਕਸਭਾ ਚੋਣਾਂ ਜਿੱਤਣ ਜਾ ਰਹੇ ਹਾਂ ਅਤੇ 2019 ਦੀ ਚੋਣਾਂ ਜਿੱਤਣ ਤੋਂ ਬਾਅਦ ਅਗਲੇ 50 ਸਾਲਾਂ ਤਕ ਕੋਈ ਵੀ ਸਾਨੂੰ  ਸਰਕਾਰ ਵਿਚੋਂ ਬਾਹਰ ਨਹੀਂ ਕੱਢ ਸਕੇਗਾ। ਇਹ ਗੱਲ ਅਸੀਂ ਅਹੰਕਾਰ ‘ਚ ਨਹੀਂ ਆਪਣੇ ਕੰਮ ਦੇ ਜ਼ੋਰ ਤੇ ਬੋਲ ਰਹੇ ਹਾਂ।