ਹਿੰਦੂ ਮਹਾਂਸਭਾ ਨੇ ਕੋਰੋਨਾ ਤੋਂ ਬਚਣ ਲਈ ਗਊ ਮੂਤਰ ਪਾਰਟੀ ਕਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਸ਼ਰਾਬ ਦੇ ਠੇਕਿਆਂ ਦੀ ਥਾਂ 'ਤੇ ਗਊ ਮੂਤਰ ਦੀਆਂ ਦੁਕਾਨਾਂ ਖੋਲ੍ਹੀਆਂ ਜਾਣ''

File Photo

ਨਵੀਂ ਦਿੱਲੀ- ਇਕ ਪਾਸੇ ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ ਪਰ ਦੂਜੇ ਪਾਸੇ ਦਿੱਲੀ ਵਿਚ ਹਿੰਦੂ ਮਹਾਂਸਭਾ ਨੇ ਕੋਰੋਨਾ ਤੋਂ ਬਚਣ ਲਈ ਇਕ ਵੱਖਰਾ ਹੀ ਤਰੀਕਾ ਲੱਭਿਆ ਹੈ। ਦਰਅਸਲ ਹਿੰਦੂ ਮਹਾਂਸਭਾ ਨੇ ਦਿੱਲੀ ਵਿਚ ਗਊ ਮੂਤਰ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿਚ ਕਈ ਲੋਕ ਸ਼ਾਮਲ ਹੋਏ ਅਤੇ ਗਊ ਮੂਤਰ ਦਾ ਸੇਵਨ ਕੀਤਾ। ਇਸ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

ਇਸ ਮੌਕੇ ਬੋਲਦਿਆਂ ਹਿੰਦੂ ਮਹਾਂਸਭਾ ਦੇ ਪ੍ਰਧਾਨ ਚਕਰਪਾਣੀ ਨੇ ਆਖਿਆ ਕਿ ਗਊ ਮੂਤਰ ਪੀਣ ਨਾਲ ਕੋਰੋਨਾ ਵਾਇਰਸ ਨੇੜੇ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਵਿਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਏਅਰਪੋਰਟ 'ਤੇ ਗਊ ਮੂਤਰ ਪਿਲਾਇਆ ਜਾਵੇ ਅਤੇ ਗੋਬਰ ਇਸ਼ਨਾਨ ਤੋਂ ਬਾਅਦ ਹੀ ਹਵਾਈ ਅੱਡੇ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ।

ਇਹੀ ਨਹੀਂ, ਉਨ੍ਹਾਂ ਇਹ ਵੀ ਆਖਿਆ ਕਿ ਹਵਾਈ ਅੱਡਿਆਂ 'ਤੇ ਸ਼ਰਾਬ ਦੀ ਵਿਕਰੀ ਬੰਦ ਕਰਕੇ ਇੱਥੇ ਸਾਰਿਆਂ ਨੂੰ ਗਊ ਮੂਤਰ ਦਿੱਤਾ ਜਾਣਾ ਚਾਹੀਦਾ ਹੈ। ਇਸ ਗਊ ਮੂਤਰ ਪਾਰਟੀ ਵਿਚ ਆਏ ਲੋਕਾਂ ਨੇ ਦਾਅਵਾ ਕੀਤਾ ਕਿ ਆਮ ਪਾਣੀ ਨਾਲ ਕੋਰੋਨਾ ਵਾਇਰਸ ਹੋ ਜਾਂਦਾ ਹੈ ਪਰ ਗਊ ਮੂਤਰ ਵਿਚ ਵਾਇਰਸ ਕਦੇ ਪੈਦਾ ਨਹੀਂ ਹੋ ਸਕਦਾ। ਇਸ ਲਈ ਸਾਰਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਗਊ ਮੂਤਰ ਪੀਣਾ ਚਾਹੀਦਾ ਹੈ।

ਇਸ ਪ੍ਰੋਗਰਾਮ ਦੌਰਾਨ 200 ਦੇ ਕਰੀਬ ਲੋਕ ਸ਼ਾਮਲ ਹੋਏ। ਹਿੰਦੂ ਮਹਾਂਸਭਾ ਦੇ ਪ੍ਰਧਾਨ ਸਮੇਤ ਸਾਰੇ ਲੋਕਾਂ ਨੇ ਕੋਰੋਨਾ ਵਾਇਰਸ ਦੀ ਇਕ ਵੱਡੀ ਤਸਵੀਰ ਅੱਗੇ ਖੀਰ ਪੂਰੀਆਂ ਚੜ੍ਹਾ ਕੇ 'ਕੋਰੋਨਾ ਸ਼ਾਂਤ-ਕੋਰੋਨਾ ਸ਼ਾਂਤ' ਦੇ ਨਾਅਰੇ ਵੀ ਲਗਾਏ ਗਏ। ਇਸ ਤੋਂ ਪਹਿਲਾਂ ਅਸਾਮ ਵਿਚ ਭਾਜਪਾ ਦੀ ਵਿਧਾਇਕ ਸੁਮਨ ਹਰੀਪ੍ਰਿਯਾ ਨੇ ਵੀ ਗਊ ਮੂਤਰ ਅਤੇ ਗਊ ਗੋਬਰ ਨੂੰ ਕੋਰੋਨਾ ਵਾਇਰਸ ਲਈ ਵਰਦਾਨ ਦੱਸਿਆ ਸੀ।

ਉਨ੍ਹਾਂ ਕਿਹਾ ਸੀ ਕਿ ਪੁਰਾਣੇ ਸਮਿਆਂ ਵਿਚ ਰਿਸ਼ੀ ਮੁਨੀਆਂ ਵੱਲੋਂ ਹਵਨ ਵਿਚ ਗਊ ਗੋਬਰ ਦੀ ਵਰਤੋਂ ਕੀਤੀ ਜਾਂਦੀ ਸੀ, ਜਿੱਥੋਂ ਤਕ ਉਸ ਹਵਨ ਦਾ ਧੂੰਆਂ ਜਾਂਦਾ ਸੀ, ਉਥੋਂ ਤਕ ਸਾਰਾ ਵਾਤਾਵਰਣ ਪਵਿੱਤਰ ਹੋ ਜਾਂਦਾ ਸੀ। ਜੇਕਰ ਕੋਰੋਨਾ ਵਾਇਰਸ 'ਤੇ ਇਸ ਦਾ ਪ੍ਰਯੋਗ ਕੀਤਾ ਜਾਵੇ ਤਾਂ ਕੋਰੋਨਾ ਵੀ ਇੱਥੋਂ ਭੱਜ ਜਾਵੇਗਾ।

ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਹਿੰਦੂ ਆਗੂਆਂ ਵੱਲੋਂ ਗਊ ਮੂਤਰ ਅਤੇ ਗਊ ਗੋਬਰ ਨੂੰ ਲੈ ਕੇ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਹੋਣ, ਇਸ ਤੋਂ ਪਹਿਲਾਂ ਵੀ ਕਈ ਵਾਰ ਹਿੰਦੂ ਮਹਾਂਸਭਾ ਨੇ ਗਊ ਮੂਤਰ ਨਾਲ ਕੈਂਸਰ ਤੋਂ ਲੈ ਕੇ ਕਈ ਬਿਮਾਰੀਆਂ ਠੀਕ ਕਰਨ ਦਾ ਦਾਅਵਾ ਕੀਤਾ, ਹਾਲਾਂਕਿ ਵਿਗਿਆਨਕ ਤੌਰ 'ਤੇ ਇਹ ਦਾਅਵੇ ਕਿੰਨੇ ਕੁ ਸੱਚੇ ਹਨ, ਅਜਿਹਾ ਕੁੱਝ ਅਜੇ ਤਕ ਸਾਹਮਣੇ ਨਹੀਂ ਆ ਸਕਿਆ।