ਕਿਸਾਨੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਨੇ ਕੀਤੀ ਆਤਮਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਥੇ ਦੇ ਬਾਕੀ ਕਿਸਾਨ ਤਾਂ ਵਾਪਸ ਮੁੜ ਆਏ ਪਰ ਉਨ੍ਹਾਂ ਦਾ ਬੇਟਾ ਕੁਲਦੀਪ ਸਿੰਘ ਦਿੱਲੀ ਵਿਖੇ ਹੀ ਰੁਕ ਗਿਆ ਸੀ। 

FARMER

ਨਵੀਂ ਦਿੱਲੀ: ਕੇਂਦਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੂੰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਵਿਚਕਾਰ ਅੱਜ ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਕੜਿਆਲ ਵਿਖੇ ਬੀਤੀ ਰਾਤ ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੜਿਆਲ ਵਾਸੀ ਸ: ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁਲਦੀਪ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਹ ਪਿੰਡ ਦੇ ਕਿਸਾਨੀ ਜਥੇ ਨਾਲ 19 ਫਰਵਰੀ ਨੂੰ ਦਿੱਲੀ ਕਿਸਾਨੀ ਅੰਦੋਲਨ ਵਿਚ ਗਿਆ ਸੀ, ਜਥੇ ਦੇ ਬਾਕੀ ਕਿਸਾਨ ਤਾਂ ਵਾਪਸ ਮੁੜ ਆਏ ਪਰ ਉਨ੍ਹਾਂ ਦਾ ਬੇਟਾ ਕੁਲਦੀਪ ਸਿੰਘ ਦਿੱਲੀ ਵਿਖੇ ਹੀ ਰੁਕ ਗਿਆ ਸੀ। 

ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਕਿਸਾਨ ਕੁਲਦੀਪ ਸਿੰਘ ਨੇ ਆਪਣੇ ਘਰ ਪਰਤਣ ਤੋਂ ਪਹਿਲਾਂ ਹੀ ਰਸਤੇ ਵਿਚ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।