ਦੇਸ਼ ਭਰ ਦੇ ਬੈਂਕਾਂ 'ਚ ਦੂਜੇ ਦਿਨ ਵੀ ਹੜਤਾਲ ਜਾਰੀ, ਕੰਮਕਾਜ ਠੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐਫਬੀਯੂ) ਨੇ 15 ਤੇ 16 ਮਾਰਚ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ।

Bank strike

ਨਵੀਂ ਦਿੱਲੀ: ਅੱਜ ਦੂਜੇ ਦਿਨ ਵੀ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ ਜਾਰੀ ਹੈ। ਇਸ ਵਿਚਕਾਰ ਅੱਜ ਵੀ ਸਰਕਾਰੀ ਬੈਂਕਾਂ ’ਚ ਨਕਦੀ ਕਢਵਾਉਣ, ਜਮ੍ਹਾਂ ਕਰਾਉਣ, ਚੈੱਕ ਲਾਉਣ ਤੇ ਕਾਰੋਬਾਰੀ ਲੈਣ-ਦੇਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜਨਤਕ ਖੇਤਰ ਦੀਆਂ ਦੋ ਹੋਰ ਬੈਂਕਾਂ ਦੇ ਨਿੱਜੀਕਰਨ ਦੀ ਤਜਵੀਜ਼ ਵਿਰੁੱਧ ਸਰਕਾਰੀ ਬੈਂਕਾਂ ਦੀ ਦੋ ਰੋਜਾ ਹੜਤਾਲ ਚੱਲ ਰਹੀ ਹੈ।

ਇਸ ਦੌਰਾਨ ਪੱਛਮੀ ਬੰਗਾਲ ਤੋਂ ਵੀ ਹੜਤਾਲ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਬੈਂਕਾਂ ਨੇ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਕਰਨ ਦੀ ਮੰਗ ਕੀਤੀ। ਪੱਛਮੀ ਬੰਗਾਲ ਤੋਂ ਇਲਾਵਾ ਹੜਤਾਲ ਦੀਆਂ ਕਈ ਤਸਵੀਰਾਂ ਦਿੱਲੀ ਤੋਂ ਆਈਆਂ ਸਨ। ਦਿੱਲੀ ਦੇ ਕਨਾਟ ਪਲੇਸ ਵਿਖੇ, ਬੈਂਕ ਮੁਲਾਜ਼ਮਾਂ ਨੇ ਦੋ ਦਿਨਾਂ ਹੜਤਾਲ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਮਹਿਲਾ ਕਰਮਚਾਰੀਆਂ ਨੇ ਵੀ ਇਸ ਹੜਤਾਲ ਵਿੱਚ ਭਾਰੀ ਹਿੱਸਾ ਲਿਆ।

 ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐਫਬੀਯੂ) ਨੇ 15 ਤੇ 16 ਮਾਰਚ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਯੂਨੀਅਨ ਨੇ ਦਾਅਵਾ ਕੀਤਾ ਕਿ 10 ਲੱਖ ਬੈਂਕ ਮੁਲਾਜ਼ਮ ਤੇ ਅਧਿਕਾਰੀ ਇਸ ਹੜਤਾਲ ’ਚ ਸ਼ਾਮਲ ਹੋ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪਿਛਲੇ ਮਹੀਨੇ ਪੇਸ਼ ਆਮ ਬਜਟ ’ਚ ਸਰਕਾਰ ਦੀ ਅਪਵੇਸ਼ ਯੋਜਨਾ ਤਹਿਤ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ।

Bank 

ਗੌਰਤਲਬ ਹੈ ਕਿ ਬੈਂਕਿੰਗ ਕੰਮਕਾਜ ਨਾ ਹੋਣ ਦੀ ਵਜ੍ਹਾ ਨਾਲ ਲਗਭਗ 16,500 ਕਰੋੜ ਰੁਪਏ ਦੇ ਦੋ ਕਰੋੜ ਚੈੱਕ ਪਾਸ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਹੜਤਾਲ ਵਿਚ ਲਗਭਗ 10 ਲੱਖ ਬੈਂਕ ਮੁਲਾਜ਼ਮ ਨਾਲ ਆਏ ਹਨ। ਵੈਂਕਟਾਚਲਮ ਨੇ ਕਿਹਾ, ‘‘ਵੱਖ-ਵੱਖ ਸੂਬਿਆਂ ਤੋਂ ਸਾਡੇ ਤੱਕ ਪਹੁੰਚ ਰਹੀਆਂ ਰਿਪੋਰਟਾਂ ਅਨੁਸਾਰ, ਹੜਤਾਲ ਦੇ ਸਮਰਥਨ ਵਿਚ ਸਾਰੀ ਜਗ੍ਹਾ ਬੈਂਕਿੰਗ ਕੰਮ ਪ੍ਰਭਾਵਿਤ ਹੋਏ ਹਨ।’’ ਬਹੁਤ ਸਾਰੀਆਂ ਸ਼ਾਖਾਵਾਂ ਵੀ ਨਹੀਂ ਖੁੱਲ੍ਹੀਆਂ ਹਨ, ਜਿਸ ਕਾਰਨ ਚੈੱਕ ਨਹੀਂ ਲੱਗ ਸਕੇ। ਉਨ੍ਹਾਂ ਕਿਹਾ ਕਿ ਹੜਤਾਲ ਮੰਗਲਵਾਰ ਨੂੰ ਵੀ ਜਾਰੀ ਰਹੇਗੀ, ਤਾਂ ਜੋ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ ਵਿਚ ਜਾਣ ਤੋਂ ਬਚਾਇਆ ਜਾ ਸਕੇ।