Delhi excise policy scam : ਈ.ਡੀ. ਨੇ ਗ੍ਰਿਫਤਾਰ ਕੀਤਾ, 5 ਦਿਨ ਬਾਅਦ, ਚੋਣ ਬਾਂਡ ਖਰੀਦੇ, ਮਿਲੀ ਜ਼ਮਾਨਤ ਫਿਰ ਬਣਿਆ ‘ਸਰਕਾਰੀ ਗਵਾਹ’
ਅਰਬਿੰਦੋ ਫਾਰਮਾ ਦੇ ਡਾਇਰੈਕਟਰ ਪੀ. ਸਰਥ ਚੰਦਰ ਰੈਡੀ ਨੂੰ
ਨਵੀਂ ਦਿੱਲੀ: 10 ਨਵੰਬਰ 2022 ਨੂੰ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਰਬਿੰਦੋ ਫਾਰਮਾ ਦੇ ਡਾਇਰੈਕਟਰ ਪੀ. ਸਰਥ ਚੰਦਰ ਰੈਡੀ ਨੂੰ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ ਮਨੀ ਲਾਂਡਰਿੰਗ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਪੰਜ ਦਿਨ ਬਾਅਦ 15 ਨਵੰਬਰ ਨੂੰ ਅਰਬਿੰਦੋ ਫਾਰਮਾ ਨੇ 5 ਕਰੋੜ ਰੁਪਏ ਦੇ ਚੋਣ ਬਾਂਡ ਦਾਨ ਕੀਤੇ।
ਫਿਰ ਮਈ 2023 ’ਚ ਦਿੱਲੀ ਹਾਈ ਕੋਰਟ ਨੇ ਰੈੱਡੀ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦੇ ਦਿਤੀ। ਇਕ ਮਹੀਨੇ ਬਾਅਦ, ਜੂਨ 2023 ਵਿਚ, ਈ.ਡੀ. ਨੇ ਰੈੱਡੀ ਨੂੰ ਮੁਆਫ ਕਰਨ ਅਤੇ ਉਸ ਨੂੰ ਇਸ ਮਾਮਲੇ ਵਿਚ ‘ਸਰਕਾਰੀ ਗਵਾਹ’ ਬਣਾਉਣ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ- ਮਤਲਬ ਕਿ ਉਹ ਸਵੈ-ਇੱਛਾ ਨਾਲ ਨੀਤੀ ਵਿਚ ਸਾਰੀਆਂ ਬੇਨਿਯਮੀਆਂ ਦਾ ਪ੍ਰਗਟਾਵਾ ਕਰੇਗਾ। ਰਾਊਜ਼ ਐਵੇਨਿਊ ਅਦਾਲਤ ਨੇ ਪਟੀਸ਼ਨ ਮਨਜ਼ੂਰ ਕਰ ਲਈ। ਇਸ ਤੋਂ ਬਾਅਦ ਅਰਬਿੰਦੋ ਫਾਰਮਾ ਨੇ ਈ.ਡੀ. ਮਾਮਲੇ ’ਚ ਸਰਕਾਰੀ ਗਵਾਹ ਬਣਨ ਦੇ ਪੰਜ ਮਹੀਨੇ ਬਾਅਦ ਨਵੰਬਰ 2023 ’ਚ 25 ਕਰੋੜ ਰੁਪਏ ਦਾ ਇਕ ਹੋਰ ਦਾਨ ਦਿਤਾ।
ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵਲੋਂ ਵੀਰਵਾਰ ਨੂੰ ਜਾਰੀ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਦੇ ਚੋਣ ਬਾਂਡ ਦੇ ਅੰਕੜਿਆਂ ਦੇ ਇਕ ਅੰਗਰੇਜ਼ੀ ਮੀਡੀਆ ਅਦਾਰੇ ‘ਦ ਕੁਇੰਟ’ ਵਲੋਂ ਨੇੜਿਓਂ ਅਧਿਐਨ ਤੋਂ ਬਾਅਦ ਇਹ ਸਮਾਂ ਸੀਮਾ ਸਾਹਮਣੇ ਆਈ ਹੈ।
ਅਰਬਿੰਦੋ ਫਾਰਮਾ ’ਤੇ ਦਿੱਲੀ ਸ਼ਰਾਬ ਘਪਲੇ ਦੇ ਦੋਸ਼
ਅਰਬਿੰਦੋ ਫਾਰਮਾ ਹੈਦਰਾਬਾਦ ਅਧਾਰਤ ਫਾਰਮਾਸਿਊਟੀਕਲ ਕੰਪਨੀ ਹੈ, ਜਿਸ ਦੀ ਸਥਾਪਨਾ 1986 ’ਚ ਕੀਤੀ ਗਈ ਸੀ। ਕੰਪਨੀ ਦਾ ਨਾਮ ਕਥਿਤ ਦਿੱਲੀ ਸ਼ਰਾਬ ਨੀਤੀ ਘਪਲੇ ਦੇ ਸਬੰਧ ’ਚ ਸਾਹਮਣੇ ਆਇਆ ਸੀ, ਜਿੱਥੇ ਦਿੱਲੀ ਸਰਕਾਰ ਦੇ ਮੈਂਬਰ ਮੁੱਖ ਦੋਸ਼ੀ ਵਜੋਂ ਖੜ੍ਹੇ ਹਨ।
ਆਮ ਆਦਮੀ ਪਾਰਟੀ (ਆਪ)-ਦਿੱਲੀ ਸਰਕਾਰ ਨੇ ਨਵੰਬਰ 2021 ’ਚ ਸ਼ਰਾਬ ਨੀਤੀ ਲਾਗੂ ਕੀਤੀ ਸੀ ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸਤੰਬਰ 2022 ਦੇ ਅਖੀਰ ’ਚ ਇਸ ਨੂੰ ਰੱਦ ਕਰ ਦਿਤਾ ਗਿਆ ਸੀ। ਈ.ਡੀ. ਮੁਤਾਬਕ ਰੈੱਡੀ ‘ਸਾਊਥ ਗਰੁੱਪ’ ਦਾ ਹਿੱਸਾ ਸੀ, ਜਿਸ ਨੇ ‘ਆਪ’ ਨੂੰ ਕਥਿਤ ਤੌਰ ’ਤੇ 100 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਈ.ਡੀ. ਨੇ ਅਦਾਲਤ ਨੂੰ ਦਸਿਆ ਸੀ ਕਿ ਰੈੱਡੀ ‘ਸਰਗਨਾਵਾਂ ਵਿਚੋਂ ਇਕ’ ਸੀ ਅਤੇ ਕਾਰਟੇਲਿੰਗ ਦਾ ਵੱਡਾ ਲਾਭਪਾਤਰੀ ਸੀ, ਜਿਸ ਦੇ ਕਾਰਟੇਲ ਸਮੂਹ ਦਾ ਦਿੱਲੀ ਦੇ ਸ਼ਰਾਬ ਬਾਜ਼ਾਰ ਦੇ 30 ਫੀ ਸਦੀ ਹਿੱਸੇ ’ਤੇ ਕੰਟਰੋਲ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਵਿਚੋਂ ਇਕ ਹਨ ਅਤੇ ਫ਼ਰਵਰੀ 2023 ਤੋਂ ਜੇਲ੍ਹ ਵਿਚ ਹਨ।
ਸਰਥ ਰੈੱਡੀ ਪੀ.ਵੀ. ਰਾਮ ਪ੍ਰਸਾਦ ਰੈੱਡੀ ਦੇ ਬੇਟੇ ਹਨ, ਜਿਨ੍ਹਾਂ ਨੇ ਅਰਬਿੰਦੋ ਫਾਰਮਾ ਦੀ ਸਥਾਪਨਾ ਕੀਤੀ ਸੀ ਅਤੇ ਸਹਿ-ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਕੇ ਨਿਤਿਆਨੰਦ ਰੈੱਡੀ ਦੇ ਜਵਾਈ ਵੀ ਹਨ। ਅਰਬਿੰਦੋ ਫਾਰਮਾ ਨੂੰ 2021-22 ’ਚ 23,455 ਕਰੋੜ ਰੁਪਏ ਦੇ ਏਕੀਕ੍ਰਿਤ ਕਾਰੋਬਾਰ ਦੇ ਨਾਲ ਜੈਨੇਰਿਕ ਦਵਾਈਆਂ ਦੇ ਬਾਜ਼ਾਰ ’ਚ ਇਕ ਪ੍ਰਮੁੱਖ ਖਿਡਾਰੀ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਵਾਈ.ਐਸ.ਆਰ. ਕਾਂਗਰਸ ਪਾਰਟੀ ਨਾਲ ਅਸਿੱਧੇ ਤੌਰ ’ਤੇ ਜੁੜੇ ਹੋਣ ਕਾਰਨ ਸਰਥ ਰੈੱਡੀ ਦੀ ਗ੍ਰਿਫਤਾਰੀ ਵੀ ਸਿਆਸੀ ਮਹੱਤਤਾ ਰਖਦੀ ਸੀ। ਸਰਥ ਦੇ ਭਰਾ ਦਾ ਵਿਆਹ ਵਾਈ.ਐਸ.ਆਰ.ਸੀ.ਪੀ. ਦੇ ਸੰਸਦ ਮੈਂਬਰ ਵਿਜੇ ਸਾਈ ਰੈੱਡੀ ਦੀ ਧੀ ਨਾਲ ਹੋਇਆ ਹੈ। ਵਿਜੇ ਸਾਈ ਰੈੱਡੀ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈੱਡੀ ਦੇ ਨਜ਼ਦੀਕੀ ਸਹਿਯੋਗੀ ਵਜੋਂ ਵੇਖਿਆ ਜਾਂਦਾ ਹੈ।
ਨਵੰਬਰ 2022 ’ਚ ਸਰਥ ਰੈੱਡੀ ਦੀ ਗ੍ਰਿਫਤਾਰੀ ਤੋਂ ਬਾਅਦ ਅਰਬਿੰਦੋ ਫਾਰਮਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੰਪਨੀ ਨੂੰ ਪਤਾ ਲੱਗਾ ਹੈ ਕਿ ਸਰਥ ਚੰਦਰਾ ਦੀ ਗ੍ਰਿਫਤਾਰੀ ਦਾ ਅਰਬਿੰਦੋ ਫਾਰਮਾ ਲਿਮਟਿਡ ਜਾਂ ਇਸ ਦੀਆਂ ਸਹਾਇਕ ਕੰਪਨੀਆਂ ਦੇ ਸੰਚਾਲਨ ਨਾਲ ਕੋਈ ਸਬੰਧ ਨਹੀਂ ਹੈ। ‘ਫਾਈਨੈਂਸ਼ੀਅਲ ਐਕਸਪ੍ਰੈਸ’ ਦੇ ਅਨੁਸਾਰ, ਸਰਥ ਦੀ ਗ੍ਰਿਫਤਾਰੀ ਤੋਂ ਬਾਅਦ, ਅਰਬਿੰਦੋ ਫਾਰਮਾ ਦੇ ਸ਼ੇਅਰਾਂ ’ਚ 11.69 ਫ਼ੀ ਸਦੀ ਦੀ ਗਿਰਾਵਟ ਆਈ। ਹਾਲਾਂਕਿ, ਰੈੱਡੀ ਦੀ ਗ੍ਰਿਫਤਾਰੀ ਦੇ ਪੰਜ ਦਿਨ ਬਾਅਦ ਹੀ ਕੰਪਨੀ ਨੂੰ 5 ਕਰੋੜ ਰੁਪਏ ਦੇ ਚੋਣ ਬਾਂਡ ਦਾਨ ਕਰਨ ਤੋਂ ਨਹੀਂ ਰੋਕਿਆ ਗਿਆ।
ਰੈੱਡੀ ਨੂੰ ਈ.ਡੀ. ਵਲੋਂ ਸਰਕਾਰੀ ਗਵਾਹ ਬਣਾਏ ਜਾਣ ਤੋਂ ਬਾਅਦ ਏਜੰਸੀ ਨੇ ਕਿਹਾ ਕਿ ਉਹ ਦਿੱਲੀ ’ਚ ਸ਼ਰਾਬ ਨੀਤੀ ਬਣਾਉਣ ਅਤੇ ਲਾਗੂ ਕਰਨ ’ਚ ਹੋਈਆਂ ਸਾਰੀਆਂ ਬੇਨਿਯਮੀਆਂ ਦਾ ਸਵੈ-ਇੱਛਾ ਨਾਲ ਪ੍ਰਗਟਾਵਾ ਕਰਨਗੇ।
ਅਰਬਿੰਦੋ ਫਾਰਮਾ ਨੇ ਅਪ੍ਰੈਲ 2021 ਅਤੇ ਨਵੰਬਰ 2023 ਦੇ ਵਿਚਕਾਰ ਕੁਲ 52 ਕਰੋੜ ਰੁਪਏ ਦਾਨ ਕੀਤੇ। ਸੱਭ ਤੋਂ ਵੱਡੀ ਕਿਸਤ ਨਵੰਬਰ 2023 (25 ਕਰੋੜ ਰੁਪਏ) ’ਚ ਆਈ, ਜੋ ਈ.ਡੀ. ਕੇਸ ’ਚ ਸਰਕਾਰੀ ਗਵਾਹ ਬਣਨ ਦੇ ਪੰਜ ਮਹੀਨੇ ਬਾਅਦ ਆਈ ਸੀ। ਇਸ ’ਤੇ ਅਜੇ ਤਕ ਅਰਬਿੰਦੋ ਫਾਰਮਾ ਨੇ ਕੋਈ ਪ੍ਰਤੀਕਿਰਆ ਨਹੀਂ ਦਿਤੀ ਹੈ।