ਆਰਥਕ ਉਥਲ-ਪੁਥਲ ਦੇ ਬਾਵਜੂਦ ਪਾਕਿ ਫੌਜ ਸਾਡੇ ਲਈ ਖਤਰਾ ਬਣੀ ਹੋਈ ਹੈ : ਅਨਿਲ ਚੌਹਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਰਤ ਕੋਲ ਅਪਣੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਕਾਫ਼ੀ ਸਰੋਤ ਹਨ

CDS Anil Chauhan

ਨਵੀਂ ਦਿੱਲੀ: ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਪਾਕਿਸਤਾਨ ਭਾਵੇਂ ਆਰਥਕ ਉਥਲ-ਪੁਥਲ ਦਾ ਸਾਹਮਣਾ ਕਰ ਰਿਹਾ ਹੈ ਪਰ ਫੌਜੀ ਤੌਰ ’ਤੇ ਉਸ ਦੀ ਸਮਰੱਥਾ ਘੱਟ ਨਹੀਂ ਹੋਈ ਹੈ ਅਤੇ ਉਸ ਦੀਆਂ ਫੌਜਾਂ ਸਾਡੇ ਲਈ ਖਤਰਾ ਬਣੀ ਹੋਈਆਂ ਹਨ।

ਇੱਥੇ ‘ਇੰਡੀਆ ਟੂਡੇ ਕਾਨਕਲੇਵ 2024’ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਕੋਲ ਅਪਣੀਆਂ ਸਰਹੱਦਾਂ, ਖਾਸ ਕਰ ਕੇ ਉੱਤਰ ’ਚ ਵਿਵਾਦਿਤ ਸਰਹੱਦਾਂ ਦੀ ਰਾਖੀ ਕਰਨ ਲਈ ਕਾਫ਼ੀ ਸਰੋਤ ਹਨ। ਜਨਰਲ ਚੌਹਾਨ ਨੇ ਇਹ ਗੱਲ 21ਵੀਂ ਸਦੀ ’ਚ ਭਾਰਤ ਲਈ ਸੱਭ ਤੋਂ ਵੱਡੀਆਂ ਰੱਖਿਆ ਚੁਨੌਤੀਆਂ ਬਾਰੇ ਇਕ ਸਵਾਲ ਦੇ ਜਵਾਬ ’ਚ ਕਹੀ। 

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਜੇਕਰ ਤੁਸੀਂ ਹਥਿਆਰਬੰਦ ਬਲਾਂ ਦੇ ਮਾਮਲੇ ਨੂੰ ਦੇਖੋ ਤਾਂ ਸੱਭ ਤੋਂ ਵੱਡੀ ਚੁਨੌਤੀ ਜ਼ਿਆਦਾਤਰ ਬਾਹਰੋਂ ਹੋਵੇਗੀ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਪਰ ਫਿਰ ਵੀ ਬਾਹਰੀ ਚੁਨੌਤੀਆਂ ਇਕ ਦੇਸ਼ ਨੂੰ ਇਕਜੁੱਟ ਕਰਦੀਆਂ ਹਨ। ਅਸੀਂ ਇਸ ਨੂੰ ਕਾਰਗਿਲ ’ਚ ਵੇਖਿਆ ਹੈ, ਗਲਵਾਨ ’ਚ ਵੀ ਵੇਖਿਆ ਹੈ।’’

ਸੰਮੇਲਨ ਦੌਰਾਨ ਚਰਚਾ ਦਾ ਵਿਸ਼ਾ ‘ਕੌਮੀ ਸੁਰੱਖਿਆ ਦ੍ਰਿਸ਼: ਭਾਰਤੀ ਫੌਜ ਦੇ ਸਾਹਮਣੇ ਚੁਨੌਤੀਆਂ’ ਸੀ। ਉਨ੍ਹਾਂ ਕਿਹਾ, ‘‘ਜਿੱਥੋਂ ਤਕ ਹਥਿਆਰਬੰਦ ਬਲਾਂ ਦਾ ਸਵਾਲ ਹੈ, ਸਾਡੀ ਤੁਰਤ ਚੁਨੌਤੀ ਚੀਨ ਦਾ ਉਭਾਰ ਅਤੇ ਅਣਸੁਲਝੀ ਸਰਹੱਦੀ ਸਮੱਸਿਆ ਹੈ। ਸਾਡੇ ਦੋ ਗੁਆਂਢੀ ਹਨ ਅਤੇ ਦੋਵੇਂ ਸਾਡੇ ਵਿਰੁਧ ਹਨ। ਦੋਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਦੋਸਤੀ ਹਿਮਾਲਿਆ ਤੋਂ ਉੱਚੀ ਅਤੇ ਸਮੁੰਦਰ ਤੋਂ ਵੀ ਡੂੰਘੀ ਹੈ ਅਤੇ ਉਹ ਦੋਵੇਂ ਪ੍ਰਮਾਣੂ ਹਥਿਆਰਾਂ ਵਾਲੇ ਹਨ।’’

ਜਨਰਲ ਚੌਹਾਨ ਤੋਂ ਪੁਛਿਆ ਗਿਆ ਸੀ ਕਿ ਕੀ ਆਰਥਕ ਉਥਲ-ਪੁਥਲ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਅਜੇ ਵੀ ਖਤਰਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਰਥਕ ਤੌਰ ’ਤੇ ਅਸ਼ਾਂਤ ਹੋ ਸਕਦਾ ਹੈ ਅਤੇ ਸਿਆਸੀ ਤੌਰ ’ਤੇ ਵੀ ਥੋੜ੍ਹਾ ਅਸਥਿਰ ਹੋ ਸਕਦਾ ਹੈ। ਪਰ ਅਸਲ ’ਚ, ਫੌਜੀ ਤੌਰ ’ਤੇ ਇਸ ਦੀਆਂ ਸਮਰੱਥਾਵਾਂ ’ਚ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਕਿਹਾ, ‘‘ਸਾਨੂੰ ਵਿਰੋਧੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਇਹ ਚੀਜ਼ਾਂ ਨੂੰ ਵੇਖਣ ਦਾ ਬਿਹਤਰ ਤਰੀਕਾ ਹੈ, ਇਸ ਤਰ੍ਹਾਂ ਮੈਂ ਚੀਜ਼ਾਂ ਨੂੰ ਵੇਖਦਾ ਹਾਂ।’’