ਜੇਲ ’ਚੋਂ ਕੈਦੀ ਹੋਏ ਲਾਈਵ, ਤਿੰਨ ਜੇਲ ਵਾਰਡਰ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਦੇ ਭਰਾ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਕੀਤੀ ਸ਼ਿਕਾਇਤ

Representative Image.

ਬਰੇਲੀ: ਬਰੇਲੀ ਕੇਂਦਰੀ ਜੇਲ੍ਹ ਦੇ ਤਿੰਨ ਵਾਰਡਰਾਂ ਨੂੰ ਇਕ ਕੈਦੀ ਵਲੋਂ ਸੋਸ਼ਲ ਮੀਡੀਆ ਮੰਚ ’ਤੇ ਲਾਈਵ ਵੀਡੀਉ ਸੈਸ਼ਨ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿਤਾ ਗਿਆ ਹੈ। ਬਰੇਲੀ ਕੇਂਦਰੀ ਜੇਲ੍ਹ ’ਚ ਬੰਦ ਕਤਲ ਦੇ ਦੋਸ਼ੀ ਆਸਿਫ ਦਾ ਵੀਡੀਉ ਵੀਰਵਾਰ ਨੂੰ ਸੋਸ਼ਲ ਮੀਡੀਆ ਮੰਚ ’ਤੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਹੁਕਮ ਦਿਤੇ ਗਏ ਸਨ। ਦੋ ਮਿੰਟ ਦੇ ਇਸ ਵੀਡੀਉ ’ਚ ਆਸਿਫ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਮੈਂ ਸਵਰਗ ’ਚ ਹਾਂ ਅਤੇ ਇਸ ਦਾ ਅਨੰਦ ਲੈ ਰਿਹਾ ਹਾਂ।’’

ਮੁਲਜ਼ਮ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੇ ਭਰਾ ਨੇ ਵੀਰਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਉਮੇਸ਼ ਪ੍ਰਤਾਪ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿਤੀ। ਜੇਲ ਦੇ ਡੀ.ਆਈ.ਜੀ. ਕੁੰਤਲ ਕੁਮਾਰ ਨੇ ਦਸਿਆ ਕਿ ਤਿੰਨ ਜੇਲ ਵਾਰਡਰਾਂ ਰਵੀ ਸ਼ੰਕਰ ਦਿਵੇਦੀ, ਹੰਸ ਜੀਵ ਸ਼ਰਮਾ ਅਤੇ ਗੋਪਾਲ ਪਾਂਡੇ ਨੂੰ ਡਿਊਟੀ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਸ਼ੁਕਰਵਾਰ ਨੂੰ ਮੁਅੱਤਲ ਕਰ ਦਿਤਾ ਗਿਆ। ਡਿਪਟੀ ਜੇਲਰ ਕਿਸ਼ਨ ਸਿੰਘ ਬਲਦੀਆ ਨੂੰ ਜੇਲ੍ਹ ਤੋਂ ਹਟਾ ਕੇ ਲਖਨਊ ਹੈੱਡਕੁਆਰਟਰ ਨਾਲ ਜੋੜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲਰ ਵਿਜੇ ਕੁਮਾਰ ਰਾਏ ਅਤੇ ਨੀਰਜ ਕੁਮਾਰ ਨੂੰ ਘਟਨਾ ’ਤੇ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਬਾਅਦ ’ਚ ਜਾਂਚ ਦੌਰਾਨ ਬੈਰਕ ਦੀ ਤਲਾਸ਼ੀ ਦੌਰਾਨ ਕੋਈ ਅਪਰਾਧਕ ਸਮੱਗਰੀ ਨਹੀਂ ਮਿਲੀ। 

ਆਸਿਫ ’ਤੇ 2 ਦਸੰਬਰ, 2019 ਨੂੰ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਸਦਰ ਬਾਜ਼ਾਰ ਇਲਾਕੇ ’ਚ ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰ ਰਾਕੇਸ਼ ਯਾਦਵ (34) ਦੀ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਹੈ। ਰਾਹੁਲ ਚੌਧਰੀ ਵੀ ਇਸ ਮਾਮਲੇ ’ਚ ਦੋਸ਼ੀ ਹੈ ਅਤੇ ਦੋਵੇਂ ਬਰੇਲੀ ਕੇਂਦਰੀ ਜੇਲ੍ਹ ’ਚ ਬੰਦ ਹਨ।