ISRO : ਇਸਰੋ, ਐਸ.ਸੀ.ਐਲ. ਨੇ ਪੁਲਾੜ ਪ੍ਰਯੋਗਾਂ ਲਈ 32-ਬਿਟ ਮਾਈਕ੍ਰੋਪ੍ਰੋਸੈਸਰ ਵਿਕਸਤ ਕੀਤੇ
ISRO : ਵਿਕਰਮ 3201 ਪਹਿਲਾ ਪੂਰੀ ਤਰ੍ਹਾਂ ਭਾਰਤ ’ਚ ਬਣਿਆ 32-ਬਿਟ ਦਾ ਮਾਈਕ੍ਰੋਪ੍ਰੋਸੈਸਰ ਹੈ
Bengaluru News in Punjabi : ਭਾਰਤੀ ਪੁਲਾੜ ਖੋਜ ਸੰਗਠਨਨ (ਇਸਰੋ) ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਅਤੇ ਸੈਮੀਕੰਡਕਟਰ ਪ੍ਰਯੋਗਸ਼ਾਲਾ (ਐੱਸ.ਸੀ.ਐਲ.), ਚੰਡੀਗੜ੍ਹ ਨੇ ਸਾਂਝੇ ਰੂਪ ’ਚ ਪੁਲਾੜ ’ਚ ਵਰਤੇ ਜਾਣ ਵਾਲੇ 32-ਬਿਟ ਮਾਈਕ੍ਰੋਪ੍ਰੋਸੈਸਰ - ਵਿਕਰਮ 3201 ਅਤੇ ਕਲਪਨਾ 3201 - ਵਿਕਸਤ ਕੀਤੇ ਹਨ। ਭਾਰਤੀ ਪੁਲਾੜ ਏਜੰਸੀ ਨੇ ਇਹ ਜਾਣਕਾਰੀ ਦਿਤੀ।
ਵਿਕਰਮ 3201 ਪਹਿਲਾ ਪੂਰੀ ਤਰ੍ਹਾਂ ਭਾਰਤ ’ਚ ਬਣਿਆ 32-ਬਿਟ ਦਾ ਮਾਈਕ੍ਰੋਪ੍ਰੋਸੈਸਰ ਹੈ ਜੋ ਲਾਂਚ ਵਹੀਕਲਾਂ ਦੇ ਸਖ਼ਤ ਵਾਤਾਵਰਣ ਹਾਲਾਤ ’ਚ ਵਰਤੇ ਜਾਣ ਦੇ ਸਮਰੱਥ ਹੈ। ਪ੍ਰੋਸੈਸਰ ਨੂੰ ਐੱਸ.ਸੀ.ਐਲ. ਦੇ 180ਐਨ.ਐਮ. (ਨੈਨੋਮੀਟਰ) ਸੀ.ਐਮ.ਓ.ਐਸ. (ਪੂਰਕ ਧਾਤੂ-ਆਕਸਾਈਡ-ਸੈਮੀਕੰਡਕਟਰ) ਸੈਮੀਕੰਡਕਟਰ ਫ਼ੈਬ ’ਚ ਬਣਾਇਆ ਗਿਆ ਹੈ।
ਇਸਰੋ ਨੇ ਸਨਿਚਰਵਾਰ ਦੇਰ ਰਾਤ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਕਿ ਇਹ ਪ੍ਰੋਸੈਸਰ ਦੇਸ਼ ਅੰਦਰ ਡਿਜ਼ਾਈਨ ਕੀਤੇ ਗਏ 16-ਬਿਟ ਵਿਕਰਮ 1601 ਮਾਈਕ੍ਰੋਪ੍ਰੋਸੈਸਰ ਦਾ ਉੱਨਤ ਸੰਸਕਰਣ ਹੈ, ਜੋ 2009 ਤੋਂ ਇਸਰੋ ਦੇ ਲਾਂਚ ਵਹੀਕਲਾਂ ’ਚ ਕੰਮ ਕਰ ਰਿਹਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਐਸ.ਸੀ.ਐਲ. ’ਚ ਉੱਨਤ 180ਐਨ.ਐਮ. ਸੈਮੀਕੰਡਕਟਰ ਬਣਾਉਣ ਤੋਂ ਬਾਅਦ 2016 ’ਚ ਵਿਕਰਮ 1601 ਪ੍ਰੋਸੈਸਰ ਦਾ ‘ਮੇਕ ਇਨ ਇੰਡੀਆ’ ਸੰਸਕਰਣ ਸ਼ਾਮਲ ਕੀਤਾ ਗਿਆ ਸੀ।
(For more news apart from ISRO, SCL develop 32-bit microprocessors for space experiments News in Punjabi, stay tuned to Rozana Spokesman)