ਗੋਧਰਾ ਦੰਗਿਆਂ ਨੂੰ ਲੈ ਕੇ PM ਨਰਿੰਦਰ ਮੋਦੀ ਨੇ ਕੀਤਾ ਵੱਡਾ ਖੁਲਾਸਾ
ਕਿਹਾ, ‘ਦੰਗਿਆਂ ਸਮੇਂ ਕੇਂਦਰ ਦੀ ਸੱਤਾ ’ਚ ਬੈਠੇ ਮੇਰੇ ਸਿਆਸੀ ਵਿਰੋਧੀ ਚਾਹੁੰਦੇ ਸਨ ਕਿ ਮੈਨੂੰ ਸਜ਼ਾ ਮਿਲੇ’
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਜਰਾਤ ’ਚ 2002 ਦੇ ਗੋਧਰਾ ਕਾਂਡ ਮਗਰੋਂ ਹੋਏ ਦੰਗਿਆਂ ਨੂੰ ਲੈ ਕੇ ਇਕ ਝੂਠੀ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਕੇਂਦਰ ਦੀ ਸੱਤਾ ’ਚ ਬੈਠੇ ਉਨ੍ਹਾਂ ਦੇ ਸਿਆਸੀ ਵਿਰੋਧੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸਜ਼ਾ ਮਿਲੇ, ਪਰ ਅਦਾਲਤਾਂ ਨੇ ਉਨ੍ਹਾਂ ਨੂੰ ਨਿਰਦੋਸ਼ ਸਾਬਤ ਕੀਤਾ। ਪੋਡਕਾਸਟ ’ਚ ਮੋਦੀ ਨੇ ਕਿਹਾ ਕਿ ਇਹ ਸੋਚ ਗ਼ਲਤ ਸੂਚਨਾ ਫੈਲਾਉਣ ਦੀ ਕੋਸ਼ਿਸ਼ ਸੀ ਕਿ 2002 ਦੇ ਦੰਗੇ ਗੁਜਰਾਤ ’ਚ ਹੁਣ ਤਕ ਦੇ ਸਭ ਤੋਂ ਵੱਡੇ ਦੰਗੇ ਸਨ।
ਉਨ੍ਹਾਂ ਕਿਹਾ, ‘‘ਜੇਕਰ ਤੁਸੀਂ 2002 ਤੋਂ ਪਹਿਲਾਂ ਦੇ ਅੰਕੜਿਆਂ ਦੀ ਸਮੀਖਿਆ ਕਰੋਗੇ ਤਾਂ ਤੁਸੀਂ ਵੇਖੋਗੇ ਕਿ ਗੁਜਰਾਤ ’ਚ ਲਗਾਤਾਰ ਦੰਗੇ ਨਹੀਂ ਹੋਏ। ਕਿਤੇ-ਕਿਤੇ ਤਾਂ ਲਗਾਤਾਰ ਕਰਫ਼ੀਊ ਲਾਇਆ ਜਾਂਦਾ ਸੀ। ਫ਼ਿਰਕੂ ਹਿੰਸਾ ਪਤੰਗਬਾਜ਼ੀ ਮੁਕਾਬਲੇ ਜਾਂ ਇਥੋਂ ਤਕ ਕਿ ਸਾਈਕਲ ਟੱਕਰ ਵਰਗੇ ਛੋਟੇ ਮੁੱਦਿਆਂ ’ਤੇ ਵੀ ਭੜਕ ਜਾਂਦੀ ਸੀ।’’ ਉਨ੍ਹਾਂ ਕਿਹਾ ਕਿ 1969 ’ਚ ਗੁਜਰਾਤ ’ਚ ਦੰਗੇ ਛੇ ਮਹੀਨਿਆਂ ਤੋਂ ਜ਼ਿਆਦਾ ਸਮੇਂ ਤਕ ਚਲੇ ਸਨ ਅਤੇ ਉਸ ਸਮੇਂ ਉਹ ਸਿਆਸਤ ’ਚ ਨਹੀਂ ਆਏ ਸਨ।