ਜਿੰਦਰ ਦੇ ਕਹਾਣੀ ਸੰਗ੍ਰਹਿ ‘ਸੇਫ਼ਟੀ ਕਿੱਟ' ਨੂੰ ਪੰਜਾਬੀ ਦਾ ਸਾਹਿਤ ਅਕਾਦਮੀ ਪੁਰਸਕਾਰ
ਅੰਗਰੇਜ਼ੀ 'ਚ ਨਵਤੇਜ ਸਰਨਾ ਅਤੇ ਹਿੰਦੀ 'ਚ ਮਮਤਾ ਕਾਲੀਆ ਨੂੰ ਮਿਲੇਗਾ ਪੁਰਸਕਾਰ
ਨਵੀਂ ਦਿੱਲੀ : ਸਾਲ 2025 ਲਈ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ। ਪੰਜਾਬੀ ਭਾਸ਼ਾ ਲਈ ਜਿੰਦਰ ਦੇ ਕਹਾਣੀ ਸੰਗ੍ਰਹਿ ‘ਸੇਫ਼ਟੀ ਕਿੱਟ’ ਨੂੰ ਇਸ ਵਾਰੀ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਅੰਗਰੇਜ਼ੀ ਲੇਖਕ ਅਤੇ ਸਾਬਕਾ ਸਫ਼ੀਰ ਨਵਤੇਜ ਸਰਨਾ ਨੂੰ ਉਨ੍ਹਾਂ ਦੇ ਨਾਵਲ ‘ਕਰਿਮਸਨ ਸਪਰਿੰਗ’ ਲਈ ਇਹ ਪੁਰਸਕਾਰ ਦਿਤਾ ਜਾਵੇਗਾ। ਹਿੰਦੀ ’ਚ ਇਹ ਸਨਮਾਨ ਮਮਤਾ ਕਾਲੀਆ ਨੂੰ ਉਨ੍ਹਾਂ ਦੀਆਂ ਯਾਦਾਂ ਦੇ ਸੰਗ੍ਰਹਿ ‘ਜੀਤੇ ਜੀਤੇ ਅਲਾਹਾਬਾਦ’ ਲਈ ਦਿਤਾ ਜਾਵੇਗਾ। ਉਰਦੂ ’ਚ ਪ੍ਰਿਤਪਾਲ ਸਿੰਘ ਬੇਤਾਬ ਨੂੰ ਉਨ੍ਹਾਂ ਦੇ ‘ਸਫ਼ਰ ਜਾਰੀ ਹੈ’ ਲਈ ਸਨਮਾਨਿਤ ਕੀਤਾ ਜਾਵੇਗਾ।
ਇਸ ਸਾਲ ਦੇਸ਼ ਭਰ ਦੇ 24 ਲੇਖਕਾਂ ਨੂੰ ਇਹ ਸਨਮਾਨ ਦਿਤਾ ਜਾਵੇਗਾ। ਇਸ ਸਾਲ ਕਵਿਤਾਵਾਂ ਦੀਆਂ ਅੱਠ ਕਿਤਾਬਾਂ, ਚਾਰ ਨਾਵਲਾਂ, ਛੇ ਛੋਟੀਆਂ ਕਹਾਣੀਆਂ, ਦੋ ਲੇਖ ਸੰਗ੍ਰਹਿ, ਇਕ ਆਲੋਚਨਾ ਦੀ ਪੁਸਤਕ ਅਤੇ ਇਕ ਸਵੈਜੀਵਨੀ ਤੇ ਦੋ ਯਾਦਾਂ ਦੇ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿਤਾ ਜਾਵੇਗਾ। ਜੇਤੂਆਂ ਨੂੰ ਇਕ ਸੰਦੂਕ ਦਿੱਤਾ ਜਾਵੇਗਾ ਜਿਸ ਵਿੱਚ ਉੱਕਰੀ ਹੋਈ ਤਾਂਬੇ ਦੀ ਤਖ਼ਤੀ, ਇੱਕ ਸ਼ਾਲ ਅਤੇ ਇੱਕ ਲੱਖ ਰੁਪਏ ਦੀ ਰਕਮ ਹੋਵੇਗੀ। ਇਹ ਸਮਾਰੋਹ 31 ਮਾਰਚ ਨੂੰ ਹੋਵੇਗਾ, ਅਕਾਦਮੀ ਨੇ ਕਿਹਾ।