ਡੇਨਿਸ਼ ਮਹਿਲਾ ਨਾਲ ਸਮੂਹਕ ਬਲਾਤਕਾਰ : ਹਾਈ ਕੋਰਟ ਨੇ ਪੰਜ ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈ ਕੋਰਟ ਨੇ ਡੇਨਿਸ਼ ਔਰਤ ਨਾਲ 2014 ਵਿਚ ਹੋਏ ਸਮੂਹਕ ਬਲਾਤਕਾਰ ਦੇ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਸੁਣਾਈ ਗਈ ਮੌਤ ਤਕ ਕੈਦ ਵਿਚ ਰਹਿਣ...

rape case

ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਹਾਈ ਕੋਰਟ ਨੇ ਡੇਨਿਸ਼ ਔਰਤ ਨਾਲ 2014 ਵਿਚ ਹੋਏ ਸਮੂਹਕ ਬਲਾਤਕਾਰ ਦੇ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਸੁਣਾਈ ਗਈ ਮੌਤ ਤਕ ਕੈਦ ਵਿਚ ਰਹਿਣ ਦੀ ਸਜ਼ਾ ਨੂੰ ਸੋਮਵਾਰ ਨੂੰ ਬਰਕਰਾਰ ਰਖਿਆ। ਹਾਈ ਕੋਰਟ ਨੇ ਦੋਸ਼ੀਆਂ ਦੀ ਅਪੀਲ ਨੂੰ ਖ਼ਾਰਜ ਕਰ ਦਿਤਾ। ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਸੁਣਾਉਣ ਦੇ 2016 ਦੇ ਫ਼ੈਸਲੇ ਨੂੰ ਚੁਣੌਤੀ ਦਿਤੀ ਸੀ। ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਆਈ ਐਸ ਮੇਹਤਾ ਦੀ ਬੈਂਚ ਨੇ ਕਿਹਾ ਕਿ ਪੀੜਤਾ ਦੀ ਗਵਾਈ ਅਤੇ ਡੀਐਨਏ ਰਿਪੋਰਟ ਨਾਲ ਦੋਸ਼ੀਆਂ ਦੇ ਅਪਰਾਧ ਨੂੰ ਸਾਬਤ ਕਰਨ ਵਿਚ ਮਦਦ ਮਿਲੀ। ਇਹ ਪੁਖ਼ਤਾ ਸਬੂਤ ਸਨ। ਬੈਂਚ ਨੇ ਹਾਲਾਂਕਿ ਸਹੀ ਤਰੀਕੇ ਨਾਲ ਜਾਂਚ ਨਾ ਕਰਨ ਦੇ ਲਈ ਜਾਂਚ ਅਧਿਕਾਰੀ ਦੀ ਖਿਚਾਈ ਕੀਤੀ। 

ਇਸ ਦੌਰਾਨ ਹਾਈ ਕੋਰਟ ਨੇ ਹੇਠਲੀ ਅਦਾਲਤ ਵਿਚ ਇਕ ਚਸ਼ਮਦੀਦ ਦੁਆਰਾ ਦਿਤੀ ਗਈ ਗਵਾਹੀ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿਤਾ ਕਿ ਉਸ ਨੂੰ ਕੁਦਰਤੀ ਗਵਾਹ ਨਹੀਂ ਮੰਨਿਆ ਜਾ ਸਕਦਾ। ਉਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਮੁਲਜ਼ਮਾਂ ਨੂੰ ਪੀੜਤਾ ਦੇ ਨਾਲ ਅਪਰਾਧ ਕਰਦੇ ਦੇਖਿਆ ਸੀ। ਬੈਂਚ ਨੇ ਕਿਹਾ ਕਿ ਪੀੜਤਾ ਦੀ ਗਵਾਹੀ ਅਤੇ ਡੀਐਨਏ ਰਿਪੋਰਟ ਨਾਲ ਹੋਈ ਪੁਸ਼ਟੀ ਦੇ ਮੱਦੇਨਜ਼ਰ ਇਹ ਅਦਾਲਤ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਣ ਦੇ ਹੇਠਲੀ ਅਦਾਲਤ ਦੇ ਨਤੀਜਿਆਂ ਤੋਂ ਸੰਤੁਸ਼ਟ ਹੈ। 

ਹੇਠਲੀ ਅਦਾਲਤ ਨੇ 10 ਜੂਨ 2016 ਨੂੰ ਪੰਜ ਮੁਲਜ਼ਮਾਂ ਨੂੰ ਮੌਤ ਤਕ ਕੈਦ ਵਿਚ ਰਹਿਣ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਕਿਹਾ ਸੀ ਕਿ ਮਹਿਲਾ ਨੂੰ ਅਗਵਾ ਕਰ ਕੇ ਅਤੇ ਉਸ ਤੋਂ ਬਾਅਦ ਉਸ ਨਾਲ ਸਮੂਹਕ ਬਲਾਤਕਾਰ ਕਰ ਕੇ 'ਗ਼ੈਰ ਮਨੁੱਖੀ' ਅਤੇ ਘਿਨਾਉਣੇ ਕਾਰੇ ਨੇ ਦੇਸ਼ ਦੇ ਅਕਸ 'ਤੇ ਦਾਗ਼ ਲਗਾਇਆ ਸੀ। ਅਦਾਲਤ ਨੇ ਪੰਜਾਂ ਨੂੰ ਆਈਪੀਸੀ ਦੀ ਧਾਰਾ 376 (ਡੀ), 395, 366, 342, 506 ਅਤੇ 34 ਲਈ ਦੋਸ਼ੀ ਠਹਿਰਾਇਆ ਸੀ। ਪੁਲਿਸ ਅਨੁਸਾਰ ਨੌਂ ਲੋਕਾਂ ਨੇ 14 ਜਨਵਰੀ 2014 ਦੀ ਰਾਤ ਨੂੰ ਡੇਨਿਸ਼ ਔਰਤ ਸੈਲਾਨੀ ਨਾਲ ਲੁੱਟ ਖੋਹ ਕੀਤੀ ਅਤੇ ਚਾਕੂ ਦਿਖਾ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।