ਮੱਕਾ ਮਸਜਿਦ ਧਮਾਕਾ : ਐਨਆਈਏ ਅਦਾਲਤ ਵਲੋਂ ਅਸੀਮਾਨੰਦ ਸਮੇਤ ਸਾਰੇ 5 ਮੁਲਜ਼ਮ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਕਾ ਮਸਜਿਦ ਵਿਚ ਹੋਏ ਬੰਬ ਧਮਾਕੇ 'ਤੇ ਹੈਦਰਾਬਾਦ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਅੱਜ ਅਪਣਾ ਫ਼ੈਸਲਾ ਸੁਣਾ ਦਿਤਾ ਹੈ। ਅਦਾਲਤ ਨੇ ਮੁੱਖ ...

hyderabad special nia court acquitted all accused mecca masjid blast case

ਹੈਦਰਾਬਾਦ : ਮੱਕਾ ਮਸਜਿਦ ਵਿਚ ਹੋਏ ਬੰਬ ਧਮਾਕੇ 'ਤੇ ਹੈਦਰਾਬਾਦ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਅੱਜ ਅਪਣਾ ਫ਼ੈਸਲਾ ਸੁਣਾ ਦਿਤਾ ਹੈ। ਅਦਾਲਤ ਨੇ ਮੁੱਖ ਮੁਲਜ਼ਮ ਸਵਾਮੀ ਅਸੀਮਾਨੰਦ ਸਮੇਤ ਸਾਰੇ 5 ਲੋਕਾਂ ਨੂੰ ਇਸ ਕੇਸ ਵਿਚੋਂ ਬਰੀ ਕਰ ਦਿਤਾ ਹੈ। ਇਸ ਕਸੇ ਵਿਚ ਜਿਨ੍ਹਾਂ ਦਸ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਉਨ੍ਹਾਂ ਵਿਚ ਅਭਿਨਵ ਭਾਰਤ ਦੇ ਸਾਰੇ ਮੈਂਬਰ ਸ਼ਾਮਲ ਸਨ।

ਉਨ੍ਹਾਂ ਵਿਚ ਸਵਾਮੀ ਅਸੀਮਾਨੰਦ, ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ ਉਰਫ਼ ਅਜੈ ਤਿਵਾਰੀ, ਲਕਸ਼ਮਣ ਦਾਸ ਮਹਾਰਾਜ, ਮੋਹਨਲਾਲ ਰਤੇਸ਼ਵਰ, ਰਾਜੇਂਦਰ ਚੌਧਰੀ ਦੇ ਨਾਂਮ ਸ਼ਾਮਲ ਹਨ। ਜਦਕਿ ਇਸ ਮਾਮਲੇ ਵਿਚ ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਸੰਗਰਾ ਫ਼ਰਾਰ ਹਨ। ਇਕ ਮੁਲਜ਼ਮ ਸੁਨੀਲ ਜੋਸ਼ੀ ਦੀ ਜਾਂਚ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ।

ਦਸ ਦਈਏ ਕਿ 2007 ਵਿਚ ਮੱਕਾ ਮਸਜਿਦ ਵਿਚ ਹੋਏ ਧਮਾਕਿਆਂ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 58 ਲੋਕ ਜ਼ਖ਼ਮੀ ਹੋ ਗਏ ਸਨ। ਐਨਆਈਏ ਨੇ ਇਸ ਮਾਮਲੇ ਵਿਚ 10 ਲੋਕਾਂ ਨੂੰ ਮੁਲਜ਼ਮ ਬਣਾਇਆ ਸੀ, ਜਿਨ੍ਹਾਂ ਵਿਚੋਂ 8 ਲੋਕਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਨ੍ਹਾਂ ਵਿਚ ਸਵਾਮੀ ਅਸੀਮਾਨੰਦ ਦਾ ਨਾਮ ਵੀ ਸ਼ਾਮਲ ਹੈ। ਇਨ੍ਹਾਂ ਲੋਕਾਂ ਵਿਚੋਂ ਸਵਾਮੀ ਅਸੀਮਾਨੰਦ ਅਤੇ ਭਾਰਤ ਮੋਹਨ ਲਾਲ ਰਤੇਸ਼ਵਰ ਉਰਫ਼ ਭਰਤ ਭਾਈ ਜ਼਼ਮਾਨਤ 'ਤੇ ਬਾਹਰ ਹਨ ਅਤੇ ਤਿੰਨ ਲੋਕ ਜੇਲ੍ਹ ਵਿਚ ਬੰਦ ਹਨ। 

ਮੱਕਾ ਮਸਜਿਦ ਮਾਮਲੇ ਵਿਚ ਸੀਬੀਆਈ ਨੇ ਸਭ ਤੋਂ ਪਹਿਲਾਂ 2010 ਅਸੀਮਾਨੰਦ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ 2017 ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਇਸ ਕੇਸ ਦੇ ਇਕ ਮੁਲਜ਼ਮ ਸੰਦੀਪ ਵੀ ਡਾਂਗੇ, ਰਾਮਚੰਦਰ ਕਲਸੰਗਰਾ ਦੇ ਬਾਰੇ ਵਿਚ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਵੀ ਹੱਤਿਆ ਕਰ ਦਿਤੀ ਗਈ ਹੈ। 

ਇਸ ਤੋਂ ਪਹਿਲਾਂ ਐਨਆਈਏ ਮਾਮਲਿਆਂ ਦੀ ਚੌਥੀ ਵਧੀਕ ਮੈਟਰੋਪੋਲਿਟਨ ਸੈਸ਼ਨ ਸਹਿ ਵਿਸ਼ੇਸ਼ ਅਦਾਲਤ ਨੇ ਸੁਣਵਾਈ ਪੂਰੀ ਕਰ ਲਈ ਸੀ ਅਤੇ ਪਿਛਲੇ ਹਫ਼ਤੇ ਫ਼ੈਸਲੇ ਦੀ ਸੁਣਵਾਈ ਅੱਜ ਤਕ ਲਈ ਟਾਲ ਦਿਤੀ ਗਈ ਸੀ। ਜ਼ਿਕਰਯੋਗ ਹੈ ਕਿ 18 ਮਈ 2007 ਨੂੰ ਦੁਪਹਿਰ 1 ਵਜੇ ਦੇ ਆਸਪਾਸ ਮਸਜਿਦ ਵਿਚ ਧਮਾਕਾ ਹੋਇਆ ਸੀ, ਜਿਸ ਵਿਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ 4 ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ। ਬਾਅਦ ਵਿਚ ਇਨ੍ਹਾਂ ਚਾਰਾਂ ਦੀ ਵੀ ਮੌਤ ਹੋ ਗਈ ਸੀ। ਇਹ ਮਾਮਲਾ ਸੀਬੀਆਈ ਨੂੰ ਤਬਦੀਲ ਕਰ ਦਿਤਾ ਗਿਆ ਸੀ ਪਰ ਫਿ਼ਰ ਇਹ ਮਾਮਲਾ ਐਨਆਈਏ ਕੋਲ ਚਲਿਆ ਗਿਆ ਸੀ।