ਅਦਾਲਤ ਨੇ ਏਅਰਸੈਲ-ਮੈਕਸਿਸ ਮਾਮਲੇ 'ਚ ਕਾਰਤੀ ਦੀ ਗ੍ਰਿਫ਼ਤਾਰੀ ਤੋਂ ਅਗਾਊਂ ਸੁਰੱਖਿਆ ਦਾ ਸਮਾਂ ਵਧਾਇਆ
ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਅਤੇ ਪਰਿਵਰਤਨ ਨਿਦੇਸ਼ਾਲਿਆ (ਈਡੀ) ਦੁਆਰਾ ਏਅਰਸੈਲ-ਮੈਕਸਿਸ ਮਾਮਲੇ ਵਿਚ ਦਰਜ ਦੋ ਵੱਖ-ਵੱਖ ਮਾਮਲਿਆਂ...
ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਅਤੇ ਪਰਿਵਰਤਨ ਨਿਦੇਸ਼ਾਲਿਆ (ਈਡੀ) ਦੁਆਰਾ ਏਅਰਸੈਲ-ਮੈਕਸਿਸ ਮਾਮਲੇ ਵਿਚ ਦਰਜ ਦੋ ਵੱਖ-ਵੱਖ ਮਾਮਲਿਆਂ ਵਿਚ ਕਾਰਤੀ ਚਿਦੰਬਰਮ ਦੀ ਗ੍ਰਿਫ਼ਤਾਰੀ ਤੋਂ ਅਗਾਊਂ ਸੁਰੱਖਿਆ ਦਾ ਸਮਾਂ ਦੋ ਮਈ ਤਕ ਲਈ ਵਧਾ ਦਿਤਾ ਹੈ। ਇਹ ਦੋਵੇਂ ਮਾਮਲੇ 2ਜੀ ਸਪੈਕਟ੍ਰਮ ਮਾਮਲੇ ਨਾਲ ਜੁੜੇ ਹਨ। ਕਾਰਤੀ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਬਹਿਸ ਲਈ ਪਰਿਵਰਤਨ ਨਿਦੇਸ਼ਾਲਿਆ ਦੇ ਵਕੀਲ ਨੇ ਕੁੱਝ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਜੱਜ ਓਪੀ ਸੈਣੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਦੇ ਬੇਟੇ ਕਾਰਤੀ ਨੂੰ ਰਾਹਤ ਦਿਤੀ।
ਸੀਬੀਆਈ ਦੇ ਵਕੀਲ ਨੇ ਇਸ ਦਾ ਸਮਰਥਨ ਕੀਤਾ ਅਤੇ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ ਦੇਣ ਦੀ ਬੇਨਤੀ ਕੀਤੀ। ਕਾਰਤੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਜਵਾਬ ਦਾਖ਼ਲ ਕਰਨ ਲਈ ਦੋਵੇਂ ਜਾਂਚ ਏਜੰਸੀਆਂ ਨੇ ਸਮਾਂ ਮੰਗਿਆ ਸੀ, ਜਿਸ ਦੇ ਮੱਦੇਨਜ਼ਰ ਅਦਾਲਤ ਨੇ 24 ਮਾਰਚ ਨੂੰ ਕਾਰਤੀ ਨੂੰ ਅੱਜ ਤਕ ਲਈ ਅਗਾਊਂ ਰਾਹਤ ਦਿਤੀ ਸੀ। ਕਾਰਤੀ ਨੇ ਏਅਰਸੈਲ-ਮੈਕਸਿਸ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ ਦਾਖ਼ਲ ਕੀਤੀ ਸੀ।
ਇਸ ਮਾਮਲੇ ਵਿਚ ਸੀਬੀਆਈ ਨੇ 2011 ਵਿਚ ਅਤੇ ਈਡੀ ਨੇ 2012 ਵਿਚ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਗੋਲਬਲ ਕਮਿਊਨੀਕੇਸ਼ਨ ਹੋਲਡਿੰਗ ਸਰਵਿਸਜ਼ ਲਿਮਟਿਡ ਨੂੰ ਏਅਰਸੈਲ ਵਿਚ ਨਿਵੇਸ਼ ਲਈ ਵਿਦੇਸ਼ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਦੇਣ ਨਾਲ ਜੁੜਿਆ ਹੈ। ਸਤੰਬਰ 2015 ਵਿਚ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਸਥਿਤੀ ਰਿਪੋਰਟ ਪੇਸ਼ ਕੀਤੀ ਸੀ।