BJP-RSS ਹਮਲਿਆਂ ਦਾ ਸਾਹਮਣਾ ਕਰ ਰਿਹੈ ਦੇਸ਼- ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਅਤੇ ਭਾਜਪਾ ਵਿਚ ਵਿਚਾਰਧਾਰਾ ਦੀ ਲੜਾਈ ਜਾਰੀ ਹੈ

Rahul Gandhi

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਵਿਚ ਸੰਘ ਉਤੇ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਕਿ ਦੇਸ਼ ਭਾਜਪਾ–ਆਰਐਸਐਸ ਦੇ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਕਾਂਗਰਸ ਅਤੇ ਭਾਜਪਾ ਵਿਚ ਵਿਚਾਰਧਾਰਾ ਦੀ ਲੜਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਤੁਸੀਂ (ਭਾਜਪਾ/ਆਰਐਸਐਸ) ਸਾਡੇ ਉਤੇ ਕਿੰਨੇ ਵੀ ਹਮਲੇ ਕਰੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਪ੍ਰੇਮ ਤੇ ਅਹਿੰਸਾ ਰਾਹੀਂ ਤੁਹਾਨੂੰ ਇਹ ਦੱਸਾਂਗੇ ਕਿ ਤੁਸੀਂ ਗਲਤ ਹੋ।

ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਪੰਜ ਸਾਲ ਵਿਚ ਸਾਡੇ ਪ੍ਰਧਾਨ ਮੰਤਰੀ ਨੇ ਕਈ ਵਾਅਦੇ ਕੀਤੇ। ਦੋ ਕਰੋੜ ਰੁਜ਼ਗਾਰ ਦੇ ਮੌਕੇ, ਬੈਂਕ ਖਾਤਿਆਂ ਵਿਚ 15 ਲੱਖ ਰੁਪਏ ਜਮ੍ਹਾਂ ਕਰਾਉਣਾ, ਕਿਸਾਨਾਂ ਨੂੰ ਮੁੱਲ ਸਮਰਥਨ। ਗਾਂਧੀ ਨੇ ਪੁੱਛਿਆ ਕਿੰਨੇ ਲੋਕਾਂ ਦੇ ਖਾਤੇ ਵਿਚ ਪ੍ਰਧਾਨ ਮੰਤਰੀ ਦੇ ਵਾਅਦੇ ਮੁਤਾਬਕ ਪੈਸੇ ਆਏ। ਉਨ੍ਹਾਂ ਸੂਬੇ ਦੇ ਕਾਜੂ ਵਾਲੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਸੱਤਾ ਵਿਚ ਆਉਣ ਉਤੇ ਉਹ ਉਨ੍ਹਾਂ ਨਾਲ ਜੁੜੇ ਮੁੱਦੇ ਚੁੱਕਣਗੇ।

ਉਨ੍ਹਾਂ ਕਿਹਾ ਕਿ ਅਸੀਂ ਕਾਜੂ ਨੂੰ ਇਕ ਵਿਹਾਰਕ ਵਿਕਲਪ ਬਣਾਉਣ ਵਿਚ ਮਦਦ ਲਈ ਗੱਲਬਾਤ ਸ਼ੁਰੂ ਕਰਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ ਕੇਰਲ ਤੋਂ ਚੋਣ ਲੜਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਕਾਂਗਰਸ ਪ੍ਰਧਾਨ ਕੱਲ ਰਾਤ ਇੱਥੇ ਦੋ ਰੋਜ਼ਾ ਦੌਰੇ ਉਤੇ ਕੇਰਲ ਪਹੁੰਚੇ ਸਨ। ਰਾਹੁਲ ਗਾਂਧੀ ਉਤਰ ਪ੍ਰਦੇਸ਼ ਵਿਚ ਆਪਣੇ ਗੜ੍ਹ ਅਮੇਠੀ ਤੋਂ ਇਲਾਵਾ ਕੇਰਲ ਰਾਜ ਦੇ ਵਾਏਨਾਡ ਜ਼ਿਲ੍ਹੇ ਤੋਂ ਵੀ ਲੋਕ ਸਭਾ ਚੋਣ ਲੜ ਰਹੇ ਹਨ। ਉਹ ਬੁੱਧਵਾਰ ਨੂੰ ਇਥੇ ਆਪਣੇ ਲੋਕ ਸਭਾ ਖੇਤਰ ਵਿਚ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।