ਤਿੰਨ ਜ਼ੋਨਾਂ ਵਿਚ ਵੰਡੇ ਦੇਸ਼ ਦੇ ਜ਼ਿਲ੍ਹੇ, ਕੋਰੋਨਾ ਮਰੀਜਾਂ ਦੀ ਤਲਾਸ਼ ਲਈ ਚੱਲੇਗੀ ਮੁਹਿੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਸੰਕਟ ਕਰਾਨ ਪੂਰੇ ਦੇਸ਼ ਵਿਚ ਕੀਤੇ ਗਏ ਲੌਕਡਾਊਨ 2.0 ਦਾ ਅੱਜ ਦੂਜਾ ਦਿਨ ਹੈ।

Photo

ਨਵੀਂ ਦਿੱਲੀ: ਕੋਰੋਨਾ ਸੰਕਟ ਕਰਾਨ ਪੂਰੇ ਦੇਸ਼ ਵਿਚ ਕੀਤੇ ਗਏ ਲੌਕਡਾਊਨ 2.0 ਦਾ ਅੱਜ ਦੂਜਾ ਦਿਨ ਹੈ। ਦੇਸ਼ ਵਿਚ ਕੋਰੋਨਾ ਮਰੀਜਾਂ ਦਾ ਅੰਕੜਾ 12 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ ਅਤੇ 392 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਤਾਜ਼ਾ ਹਾਲਾਤਾਂ ਨੂੰ ਦੇਖਦੇ ਹੋਏ ਸਿਹਤ ਮੰਤਰਾਲੇ ਨੇ ਸਖਤ ਗਾਈਡਲਾਈਨ ਜਾਰੀ ਕੀਤੀ ਹੈ। ਹੁਣ ਪੂਰੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਹੈ।

ਸਿਹਤ ਮੰਤਰਾਲੇ ਵੱਲੋਂ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਦੇ ਤਹਿਤ ਸਾਰੇ ਜ਼ਿਲ੍ਹੇ ਤਿੰਨ ਜ਼ੋਨਾਂ ਵਿਚ ਵੰਡੇ ਗਏ ਹਨ। ਪਹਿਲਾ- ਹੌਟਸਪੌਟ, ਦੂਜਾ- ਗੈਰ-ਹੌਟਸਪੌਟ ਅਤੇ ਤੀਜਾ- ਜ਼ਿਲ੍ਹਾ ਜਿਥੇ ਹੁਣ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਇਹਨਾਂ ਜ਼ਿਲ੍ਹਿਆਂ ਵਿਚ ਕੋਰੋਨਾ ਨੂੰ ਰੋਕਣ ਲਈ ਸਿਹਤ ਮੰਤਰਾਲੇ ਦੀ ਟੀਮ ਕਈ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਹੈ।

ਦੇਸ਼ ਵਿਚ ਇਸ ਸਮੇਂ 170 ਹੌਟਸਪੌਟ ਜ਼ਿਲ੍ਹੇ ਹਨ। ਹੁਣ ਇਹਨਾਂ ਜ਼ਿਲ੍ਹਿਆਂ ਵਿਚ ਡੋਰ ਟੂ ਡੋਰ ਸਰਵੇ ਕੀਤਾ ਜਾਵੇਗਾ। ਇਹਨਾਂ ਜ਼ਿਲ੍ਹਿਆਂ ਵਿਚ, ਉਹ ਲੋਕ ਜੋ ਕਿਸੇ ਵੀ ਫਲੂ ਜਾਂ ਖਾਂਸੀ ਅਤੇ ਜ਼ੁਕਾਮ ਤੋਂ ਪੀੜਤ ਹਨ, ਉਹਨਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਹੌਟਸਪੌਟ ਖੇਤਰ ਵਿਚ ਲੋਕਾਂ ਦੀ ਪਛਾਣ ਲਈ ਹਰ ਹਫ਼ਤੇ ਇਕ ਮੁਹਿੰਮ ਚਲਾਈ ਜਾਏਗੀ। ਇਹ ਮੁਹਿੰਮ ਹਰ ਸੋਮਵਾਰ ਨੂੰ ਚੱਲੇਗੀ। ਹੌਟਸਪੌਟ ਦੇ ਨਾਲ ਲੱਗਦੇ ਖੇਤਰ ਨੂੰ ਬਫਰ ਜ਼ੋਨ ਘੋਸ਼ਿਤ ਕੀਤਾ ਗਿਆ ਹੈ।

ਬਫਰ ਜ਼ੋਨ ਵਿਚ ਵਿਸ਼ੇਸ਼ ਟੀਮ ਵੱਲ਼ੋਂ ਮੁਹਿੰਮ ਚਲਾ ਕੇ ਐਕਟਿਵ ਕੇਸਾਂ ਦੀ ਤਲਾਸ਼ੀ ਕੀਤੀ ਜਾਵੇਗੀ। ਲੋਕਾਂ ਦਾ ਸੈਂਪਲ ਲਿਆ ਜਾਵੇਗਾ ਅਤੇ ਟੈਸਟ ਕੀਤੇ ਜਾਣਗੇ। ਇਹਨਾਂ ਖੇਤਰਾਂ ਵਿਚ ਜ਼ਰੂਰੀ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ। ਇਸ ਦੇ ਨਾਲ, ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਟੀਮ ਵੱਲੋਂ ਭਾਲ ਕੀਤੀ ਜਾਵੇਗੀ। ਇਸ ਦੇ ਲਈ, ਰੈਡ ਕਰਾਸ, ਐਨਐਸਐਸ ਸਮੇਤ ਬਹੁਤ ਸਾਰੀਆਂ ਏਜੰਸੀਆਂ ਮਿਲ ਕੇ ਕੰਮ ਕਰਨਗੀਆਂ।

ਤੀਜਾ ਗ੍ਰੀਨ ਜ਼ੋਨ ਹੋਵੇਗਾ। ਉਹਨਾਂ ਜ਼ਿਲ੍ਹਿਆਂ ਨੂੰ ਗ੍ਰੀਨ ਜ਼ੋਨ ਵਿਚ ਰੱਖਿਆ ਗਿਆ ਹੈ, ਜਿੱਥੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਜ਼ਿਲ੍ਹੇ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਰਹਿਣਗੇ। ਇਸ ਦੌਰਾਨ ਸਿਹਤ ਵਿਭਾਗ ਨੇ ਰਾਜ ਸਰਕਾਰਾਂ ਨੂੰ ਕਿਹਾ ਕਿ ਕਿਸੇ ਵੀ ਖੇਤਰ ਵਿਚ, ਜਿਥੇ 28 ਦਿਨਾਂ ਤੋਂ ਕੋਈ ਮਾਮਲਾ ਨਹੀਂ ਆਇਆ ਹੈ, ਉਹਨਾਂ ਖੇਤਰਾਂ ਦੇ ਹਸਪਤਾਲਾਂ ਨੂੰ ਗਰੀਨ ਅਤੇ ਆਰੇਂਜ ਖੇਤਰ ਵਿਚ ਤਬਦੀਲ ਕੀਤਾ ਜਾਵੇ।