ਦਿੱਲੀ ’ਚ ਸ਼ੁਕਰਵਾਰ ਰਾਤ ਤੋਂ ਸੋਮਵਾਰ ਸਵੇਰ ਤਕ ਲਗਿਆ ਕਰਫ਼ਿਊ
ਮਾਲ, ਜਿਮ ਤੇ ਸਲੂਨ ਰਹਿਣਗੇ ਬੰਦ, ਵਿਆਹਾਂ ’ਚ ਜਾਣ ਲਈ ਕਰਫ਼ਿਊ ਪਾਸ ਲਾਜ਼ਮੀ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ’ਚ ਕੋਰੋਨਾ ਵਾਇਰਸ ਨੂੂੰ ਫੈਲਣ ਤੋਂ ਰੋਕਣ ਲਈ ਸ਼ੁਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤਕ ਕਰਫ਼ਿਊ ਲਗਾਉਣ ਸਮੇਤ ਹੋਰ ਕਈ ਪਾਬੰਦੀਆਂ ਦਾ ਐਲਾਨ ਕੀਤਾ। ਕੇਜਰੀਵਾਲ ਨੇ ਵੀਰਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਨਾਲ ਮੀਟਿੰਗ ਵਿਚ ਸ਼ਹਿਰ ਦੀ ਕੋਵਿਡ-19 ਸਥਿਤੀ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਵੀਕੈਂਡ ਕਰਫ਼ਿਊ ਦਾ ਐਲਾਨ ਕੀਤਾ। ਕਰਫ਼ਿਊ ਦੌਰਾਨ ਦਿੱਲੀ ਵਿਚ ਮਾਲ, ਸਪਾ, ਜਿਮ, ਆਡੀਟੋਰੀਅਮ ਆਦਿ ਸਾਰੇ ਬੰਦ ਰਹਿਣਗੇ, ਪਰ ਸਿਨੇਮਾ ਹਾਲ 30 ਫ਼ੀ ਸਦੀ ਸਮਰੱਥਾ ਨਾਲ ਚੱਲ ਸਕਣਗੇ।
ਕੇਜਰੀਵਾਲ ਨੇ ਕਿਹਾ ਕਿ ਇਕ ਹਫ਼ਤਾਵਾਰ ਬਾਜ਼ਾਰ ਨੂੰ ਇਕ ਦਿਨ ਵਿਚ ਤੇ ਇਕ ਜ਼ੋਨ ਦੇ ਹਿਸਾਬ ਨਾਲ ਆਗਿਆ ਦਿਤੀ ਜਾਵੇਗੀ। ਹਫ਼ਤਾਵਾਰੀ ਬਾਜ਼ਾਰ ਵਿਚ ਭੀੜ ਨਾ ਹੋਵੇ ਇਸਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਹੁਣ ਰੈਸਟੋਰੈਂਟ ਵਿਚ ਵੀ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ, ਸਿਰਫ਼ ਹੋਮ ਡਿਲਿਵਰੀ ਦੀ ਆਗਿਆ ਹੋਵੇਗੀ। ਅਸੀਂ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਅਤੇ ਵਿਆਹਾਂ ਲਈ ਕਰਫ਼ਿਊ ਪਾਸ ਦੇਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੋਵਿਡ 19 ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ ਅਤੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪਾਬੰਦੀਆਂ ਜ਼ਰੂਰੀ ਹਨ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ ਬੈੱਡਾਂ ਦੀ ਕੋਈ ਘਾਟ ਨਹੀਂ । ਹੁਣ 5,000 ਤੋਂ ਜ਼ਿਆਦਾ ਬੈੱਡ ਖ਼ਾਲੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਸਬੰਧੀ ਵਿਵਹਾਰ ਜਿਵੇਂ ਮਾਸਕ, ਸਮਾਜਕ ਦੂਰੀ ਬਣਾਉਣ ਆਦਿ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਕਰਗੇਾ ਕਿਊਂਕਿ ਕੁੱਝ ਲੋਕ ਹਾਲੇ ਵੀ ਇਸ ਦੀ ਪਾਲਣਾ ਨਹੀਂ ਕਰ ਰਹੇ। ਦਿੱਲੀ ਵਿਚ ਬੁਧਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਤ
ਇਸ ਦੌਰਾਨ 17,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਅਤੇ 104 ਹੋਰ ਮੌਤਾਂ ਹੋਈਆਂ, ਜਦੋਂ ਕਿ ਕਿਰਿਆਸ਼ੀਲ ਕੇਸ ਵੀ ਵੱਧ ਕੇ 50,000 ਨੂੰ ਪਾਰ ਕਰ ਗਏ। ਦਿੱਲੀ ਦੇ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਬੁਲੇਟਿਨ ਅਨੁਸਾਰ ਬੁਧਵਾਰ ਨੂੰ 17,282 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਗਿਣਤੀ 7,67,438 ਹੋ ਗਈ ਹੈ, ਜਦੋਂ ਕਿ 9,952 ਹੋਰ ਮਰੀਜ਼ ਸਿਹਤਮੰਦ ਹੋਣ ਨਾਲ ਕੋਰੋਨਾ ਮੁਕਤ ਲੋਕਾਂ ਦੀ ਗਿਣਤੀ ਵੱਧ ਕੇ 7,05,162 ਹੋ ਗਈ ਹੈ।