ਹਰਿਆਣਾ ਸਰਕਾਰ ਨੇ 10ਵੀਂ ਬੋਰਡ ਦੀ ਪ੍ਰੀਖਿਆ ਕੀਤੀ ਰੱਦ, 12ਵੀਂ ਦੀ ਪ੍ਰੀਖਿਆ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ ਹਾਲ ਹੀ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ।

Haryana govt

ਹਰਿਆਣਾ : ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਵੇਖਦੇ ਹੋਏ ਵੀਰਵਾਰ ਨੂੰ 10ਵੀਂ ਦੀ ਪ੍ਰੀਖਿਆ ਰੱਦ ਕਰਨ ਅਤੇ 12ਵੀਂ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀ. ਬੀ. ਐਸ. ਈ.) ਨੇ ਵੀ ਕੋਵਿਡ-19 ਦੇ ਪੀੜਤਾਂ ਦੀ ਗਿਣਤੀ ਵਧਣ ਕਾਰਨ 10ਵੀਂ ਜਮਾਤ ਦੀ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਅਤੇ 12ਵੀਂ ਜਮਾਤ ਦੀਆਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਸਰਕਾਰ ਦਾ ਇਹ ਫ਼ੈਸਲਾ ਸੀ. ਬੀ. ਐਸ. ਈ. ਦੇ ਐਲਾਨ ਦੇ ਇਕ ਦਿਨ ਬਾਅਦ ਆਇਆ ਹੈ। ਹਰਿਆਣਾ ਵਿਚ ਹਾਲ ਹੀ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ।

ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ‘ਸੀ. ਬੀ. ਐਸ. ਈ.’ ਦੇ ਫ਼ੈਸਲੇ ਮਗਰੋਂ ਅਸੀਂ ਵੀ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ 10ਵੀਂ ਜਮਾਤ ਦੀ ਪ੍ਰੀਖਿਆ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨੂੰ ਹਰਿਆਣਾ ਸਕੂਲ ਸਿਖਿਆ ਬੋਰਡ ਵਲੋਂ ਆਯੋਜਤ ਕੀਤਾ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ 12ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਵੀ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਕੰਵਰ ਪਾਲ ਨੇ ਦਸਿਆ ਕਿ 10ਵੀਂ ਜਮਾਤ ਦੇ ਨਤੀਜੇ ਵਿਦਿਆਰਥੀਆਂ ਦੇ ਅੰਦਰੂਨੀ ਮੁਲਾਂਕਣ ਦੇ ਆਧਾਰ ’ਤੇ ਐਲਾਨ ਕੀਤਾ ਜਾਵੇਗਾ।