ਚੀਨ 'ਚ ਲਾਕਡਾਊਨ ਬੇਅਸਰ, ਸ਼ੰਘਾਈ 'ਚ ਕੋਰੋਨਾ ਦਾ ਕਹਿਰ ਜਾਰੀ
ਇਕ ਦਿਨ 'ਚ ਆਏ 3400 ਤੋਂ ਵੱਧ ਨਵੇਂ ਮਾਮਲੇ
ਚੀਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੇ ਤਬਾਹੀ ਮਚਾਈ ਹੋਈ ਹੈ। ਸ਼ੁੱਕਰਵਾਰ ਨੂੰ 3,472 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 20,700 ਅਜਿਹੇ ਕੋਰੋਨਾ ਸੰਕਰਮਿਤ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਮਿਲੇ ਹਨ। ਚੀਨ ਦੇ ਸ਼ੰਘਾਈ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸ਼ੰਘਾਈ ਵਿੱਚ ਲੰਬੇ ਸਮੇਂ ਤੋਂ ਲਾਕਡਾਊਨ ਲਾਗੂ ਹੈ।
ਰਾਸ਼ਟਰੀ ਸਿਹਤ ਕਮਿਸ਼ਨ (NHC) ਦੇ ਅੰਕੜਿਆਂ ਅਨੁਸਾਰ ਸ਼ੰਘਾਈ ਵਿੱਚ 3,200 ਲੋਕ ਕੋਰੋਨਾ ਸੰਕਰਮਿਤ ਪਾਏ ਗਏ ਹਨ। ਜਦੋਂ ਕਿ ਲੱਛਣਾਂ ਤੋਂ ਬਿਨਾਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 19872 ਦਰਜ ਕੀਤੀ ਗਈ ਹੈ। ਹਸਪਤਾਲਾਂ ਵਿੱਚ ਵੀ ਕੋਵਿਡ ਦੇ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਵਾਧੂ ਬੈੱਡ ਅਤੇ ਵਾਧੂ ਹਸਪਤਾਲ ਬਣਾਏ ਗਏ ਹਨ।
ਕੋਰੋਨਾ ਕਾਰਨ ਸ਼ੰਘਾਈ ਕਈ ਦਿਨਾਂ ਤੋਂ ਲਾਕ ਹੈ। ਇਸ ਦੌਰਾਨ ਇੱਥੋਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘਰਾਂ ਵਿੱਚ ਭੋਜਨ ਨਹੀਂ ਹੈ। ਇੱਕ ਰਿਪੋਰਟ ਦੇ ਅਨੁਸਾਰ, ਸ਼ੰਘਾਈ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਆਪਣੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਲੋਕਾਂ ਨੂੰ ਖਾਣ ਪੀਣ ਦੀ ਵੀ ਸਮੱਸਿਆ ਆ ਰਹੀ ਹੈ। ਇੰਟਰਨੈੱਟ ‘ਤੇ ਲੋਕ ਸਰਕਾਰ ਖਿਲਾਫ ਕਾਫੀ ਗੁੱਸਾ ਜ਼ਾਹਰ ਕਰ ਰਹੇ ਹਨ। ਸ਼ੰਘਾਈ ਵਿੱਚ ਇਲਾਜ ਦੀ ਉਡੀਕ ਕਰ ਰਹੀ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਹੋਰ ਜ਼ਿਆਦਾ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।