UP 'ਚ ਇੱਕੋ ਪਰਿਵਾਰ ਦੇ 5 ਜੀਆਂ ਦਾ ਕਤਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਪੁਲਿਸ ਵਲੋਂ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਪੰਜ ਲੋਕਾਂ ਦੇ ਕਤਲ ਕਰ ਦਿੱਤਾ ਗਿਆ। ਇੱਕੋ ਪਰਿਵਾਰ ਦੇ ਮੈਂਬਰਾਂ ਦੇ ਕਤਲ ਦੀ ਖ਼ਬਰ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕਤਲ ਦੀ ਇਹ ਸਨਸਨੀਖੇਜ਼ ਘਟਨਾ ਨਵਾਬਗੰਜ 'ਚ ਵਾਪਰੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਮ੍ਰਿਤਕਾਂ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਸ਼ਾਮਲ ਹਨ। ਫਿਲਹਾਲ ਪੁਲਿਸ ਵਲੋਂ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਵਿੱਚ ਪਤੀ ਰਾਹੁਲ ਤਿਵਾਰੀ (42), ਪਤਨੀ ਪ੍ਰੀਤੀ ਤਿਵਾਰੀ (38) ਅਤੇ 3 ਬੱਚੇ ਮਾਹੀ 12 ਸਾਲ, ਪੀਹੂ 8 ਸਾਲ ਅਤੇ ਕੋਟੂ 5 ਸਾਲ ਸ਼ਾਮਲ ਹਨ। ਮ੍ਰਿਤਕ ਪਰਿਵਾਰ ਮੂਲ ਰੂਪ ਤੋਂ ਕੌਸ਼ੰਬੀ ਦੇ ਸਿਰਥੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਪ੍ਰਯਾਗਰਾਜ ਦੇ ਨਵਾਬਗੰਜ ਦੇ ਖਗਲਪੁਰ ਪਿੰਡ 'ਚ ਕਿਰਾਏ 'ਤੇ ਰਹਿੰਦਾ ਰਹਿ ਰਿਹਾ ਸੀ। ਫਿਲਹਾਲ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਪੁਲਿਸ ਨੇ ਘਰ ਦੇ ਨੇੜਿਓਂ ਵਾਰਦਾਤ ਵਿੱਚ ਵਰਤੀ ਗਈ ਬੇਲਚਾ ਵੀ ਬਰਾਮਦ ਕਰ ਲਈ ਹੈ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਕਈ ਥਾਣਿਆਂ ਦੀ ਪੁਲਿਸ ਵੀ ਮੌਕੇ ’ਤੇ ਮੌਜੂਦ ਹੈ। ਦੱਸ ਦੇਈਏ ਕਿ ਦੋ ਸਾਲ ਪਹਿਲਾਂ ਨਵਾਬਗੰਜ ਇਲਾਕੇ 'ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਅਜਿਹੇ 'ਚ ਇਕ ਵਾਰ ਫਿਰ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੇ ਕਤਲ ਨੂੰ ਲੈ ਕੇ ਇਲਾਕੇ 'ਚ ਭਾਰੀ ਰੋਸ ਹੈ।