ਜੇ ਅਗਲੇ 25 ਸਾਲਾਂ 'ਚ ਸਿਰਫ਼ ਸਥਾਨਕ ਉਤਪਾਦਾਂ ਦੀ ਵਰਤੋਂ ਕਰੀਏ ਤਾਂ ਸਾਡੇ ਲੋਕ ਬੇਰੁਜ਼ਗਾਰ ਨਹੀਂ ਰਹਿਣਗੇ -PM ਮੋਦੀ
'ਭਾਰਤ ਇੱਕ ਜਗ੍ਹਾ 'ਤੇ ਸਥਿਰ ਨਹੀਂ ਰਹਿ ਸਕਦਾ, ਇਸ ਨੂੰ ਸਵੈ-ਨਿਰਭਰ ਬਣਨਾ ਪਵੇਗਾ'
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਇਸ ਮੋੜ 'ਤੇ ਸਥਿਰ ਨਹੀਂ ਰਹਿ ਸਕਦਾ ਅਤੇ ਇਸ ਨੂੰ ਆਤਮ ਨਿਰਭਰ ਬਣਨਾ ਪਵੇਗਾ। ਹਨੂੰਮਾਨ ਜਯੰਤੀ ਦੇ ਮੌਕੇ ਗੁਜਰਾਤ ਦੇ ਮੋਰਬੀ ਵਿੱਚ ਭਗਵਾਨ ਹਨੂੰਮਾਨ ਦੀ 105 ਫੁੱਟ ਉੱਚੀ ਮੂਰਤੀ ਦਾ ਵੀਡੀਓ ਲਿੰਕ ਰਾਹੀਂ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਭਾਰਤ ਸਥਿਰ ਨਹੀਂ ਰਹਿ ਸਕਦਾ... ਅਸੀਂ ਜਿੱਥੇ ਹਾਂ ਉੱਥੇ ਨਹੀਂ ਰਹਿ ਸਕਦੇ।" ਆਲਮੀ ਸਥਿਤੀ ਅਜਿਹੀ ਹੈ ਕਿ ਪੂਰੀ ਦੁਨੀਆ ਸੋਚ ਰਹੀ ਹੈ ਕਿ 'ਆਤਮ-ਨਿਰਭਰ' ਕਿਵੇਂ ਬਣੀਏ।
ਉਨ੍ਹਾਂ ਕਿਹਾ, ''ਮੈਂ ਦੇਸ਼ ਦੇ ਸੰਤਾਂ ਨੂੰ ਬੇਨਤੀ ਕਰਾਂਗਾ ਕਿ ਉਹ ਲੋਕਾਂ ਨੂੰ ਸਿਰਫ਼ ਸਥਾਨਕ ਉਤਪਾਦ ਖਰੀਦਣ ਲਈ ਜਾਗਰੂਕ ਕਰਨ। 'ਵੋਕਲ ਫਾਰ ਲੋਕਲ' ਮੁੱਖ ਗੱਲ ਹੈ। ਆਪਣੇ ਘਰਾਂ ਵਿੱਚ ਸਾਨੂੰ ਆਪਣੇ ਲੋਕਾਂ ਦੀਆਂ ਬਣਾਈਆਂ ਚੀਜ਼ਾਂ ਹੀ ਵਰਤਣੀਆਂ ਚਾਹੀਦੀਆਂ ਹਨ। ਸੋਚੋ ਕਿ ਇਸ ਨਾਲ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਦੇਸ਼ੀ ਚੀਜ਼ਾਂ ਲੋਕਾਂ ਨੂੰ ਚੰਗਾ ਮਹਿਸੂਸ ਕਰਵਾ ਸਕਦੀਆਂ ਹਨ ਪਰ ਇਸ ਵਿੱਚ "ਸਾਡੇ ਲੋਕਾਂ ਦੀ ਮਿਹਨਤ, ਸਾਡੀ ਮਿੱਟੀ ਦੀ ਖੁਸ਼ਬੂ" ਦੀ ਭਾਵਨਾ ਸ਼ਾਮਲ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, "ਜੇ ਅਸੀਂ ਅਗਲੇ 25 ਸਾਲਾਂ ਵਿੱਚ ਸਿਰਫ਼ ਸਥਾਨਕ ਉਤਪਾਦਾਂ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਲੋਕ ਬੇਰੁਜ਼ਗਾਰ ਨਹੀਂ ਰਹਿਣਗੇ।"