ਆਖ਼ਰ ਮੈਟਰੋ ਸਟੇਸ਼ਨ ਦੀ ਛੱਤ ਤੋਂ ਛਾਲ ਮਾਰ ਕੇ ਕਿਉਂ ਦਿਤੀ ਸੀ ਇਸ ਲੜਕੀ ਨੇ ਜਾਨ?, ਪੜ੍ਹੋ ਪੂਰੀ ਕਹਾਣੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬੋਲ ਅਤੇ ਸੁਣ ਨਹੀਂ ਸਕਦੀ ਸੀ ਮ੍ਰਿਤਕ ਦੀਆ, ਪੁਲਿਸ ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਪੜਤਾਲ 

Metro Station Incident

ਚੰਡੀਗੜ੍ਹ : ਮਨੁੱਖਾ ਜਨਮ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪਰ ਕਈ ਵਾਰ ਘਰੇਲੂ ਜਾਂ ਨੌਕਰੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਕਈ ਲੋਕ ਅਜਿਹੇ ਕਦਮ ਚੁੱਕ ਲੈਂਦੇ ਹਨ ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਰੀ ਉਮਰ ਦਾ ਦੁੱਖ ਨਸੀਬ ਹੁੰਦਾ ਹੈ। ਅਜਿਹਾ ਹੀ ਕਹਾਣੀ ਹੈ ਬੀਤੇ ਦਿਨੀ ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਤੋਂ ਛਾਲ ਮਾਰ ਕੇ ਜਾਨ ਦੇਣ ਵਾਲੀ ਲੜਕੀ ਦੀ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀਆ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਅਤੇ ਇੱਕ ਸਾਲ ਪਹਿਲਾਂ ਤੱਕ ਗੁਰੂਗ੍ਰਾਮ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ ਪਰ ਉਸ ਨੂੰ ਕਿਸੇ ਕਾਰਨ ਨੌਕਰੀ ਛੱਡ ਕੇ ਪੰਜਾਬ ਵਾਪਸ ਆਉਣਾ ਪਿਆ। ਮ੍ਰਿਤਕ ਦੇ ਜਾਣਕਾਰ ਨੇ ਦੱਸਿਆ ਕਿ ਹੁਣ ਉਹ 'ਫਲਿੱਪਕਾਰਟ' 'ਚ ਕੰਮ ਕਰ ਰਹੀ ਸੀ ਪਰ ਜਾਣਕਾਰੀ ਅਨੁਸਾਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜਿਸ ਦੇ ਚਲਦੇ ਉਹ ਕਾਫੀ ਪ੍ਰੇਸ਼ਾਨ ਸੀ।

ਸ਼ਾਇਦ ਇਹੀ ਕਾਰਨ ਰਿਹਾ ਕਿ ਬੀਤੇ ਦਿਨ ਸਵੇਰੇ ਕਰੀਬ 7.28 ਵਜੇ ਉਸ ਨੇ ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਦੀ ਛੱਤ ਤੋਂ ਛਾਲ ਮਾਰ ਦਿਤੀ। ਦੱਸ ਦੇਈਏ ਕਿ ਉਥੇ ਮੌਜੂਦ CISF ਜਵਾਨਾਂ ਵਲੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾ ਨਹੀਂ ਸਕੇ। ਜਵਾਨਾਂ ਵਲੋਂ ਉਸ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਗਈ ਪਰ ਦੀਆ ਨੇ ਉਨ੍ਹਾਂ ਦੀ ਇੱਕ ਨਹੀਂ ਮੰਨੀ ਅਤੇ ਜਦੋਂ ਉਸ ਨੇ ਛਾਲ ਮਾਰੀ ਤਾਂ ਸੀਆਈਐਸਐਫ ਦੇ ਕੁਝ ਮੁਲਾਜ਼ਮ ਉਸ ਨੂੰ ਬਚਾਉਣ ਲਈ ਹੇਠਾਂ ਚਾਦਰ ਲੈ ਕੇ ਖੜ੍ਹੇ ਸਨ।

ਅਫ਼ਸੋਸ ਦੀ ਗੱਲ ਇਹ ਰਹੀ ਕਿ ਲੜਕੀ ਗੰਭੀਰ ਜ਼ਖਮੀ ਹੋ ਗਈ ਜਿਥੋਂ ਉਸ ਨੂੰ ਲਾਲ ਬਹਾਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਸੱਟਾਂ ਦੀ ਤਾਬ ਨਾ ਝਲਦੇ ਹੋਏ ਉਸ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਦੀਆ ਦੇ ਪਰਿਵਾਰ ਵਿਚ ਉਸ ਦੇ ਮਾਤਾ ਪਿਤਾ ਅਤੇ ਇੱਕ ਛੋਟੀ ਭੈਣ ਹੈ। ਉਸ ਦੀ ਮੌਤ ਨੇ ਸਾਰਿਆਂ ਨੂੰ ਡੂੰਗੇ ਸਦਮੇ ਵਿਚ ਭੇਜ ਦਿਤਾ ਹੈ।

ਇਹ ਵੀ ਦੱਸ ਦੇਈਏ ਕਿ ਮ੍ਰਿਤਕ ਦੀਆ ਬੋਲ ਅਤੇ ਸੁਣ ਨਹੀਂ ਸਕਦੀ ਸੀ। ਉਸ ਦੇ ਮਾਤਾ-ਪਿਤਾ ਵੀ ਦੋਵੇਂ ਗੂੰਗੇ ਅਤੇ ਬੋਲ਼ੇ ਹਨ। ਉਧਰ ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ ਜਿਸ ਨਾਲ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਉਸ ਦੀ ਮੌਤ ਪਿੱਛੇ ਕੀ ਕਾਰਨ ਹੋ ਸਕਦਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾਂ ਰਹੀ ਹੈ ਅਤੇ ਪੁਲਿਸ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।