ਆਮਿਰ ਖ਼ਾਨ ਦਾ ਵੀ ‘ਫ਼ਰਜ਼ੀ ਵੀਡੀਉ ਵਾਇਰਲ’, ਜਾਣੋ ਬਾਲੀਵੁੱਡ ਅਦਾਕਾਰ ਨੇ ਕੀ ਦਿਤਾ ਸਪੱਸ਼ਟੀਕਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਕਾਰ ਦੇ ਬੁਲਾਰੇ ਨੇ ਕਿਹਾ, ‘ਸਿਆਸੀ ਬਿਆਨ ਨਾਲ ਜੁੜਿਆ ਆਮਿਰ ਖਾਨ ਦਾ ਵੀਡੀਉ ਫਰਜ਼ੀ ਹੈ’

Aamir Khan

ਨਵੀਂ ਦਿੱਲੀ, 16 ਅਪ੍ਰੈਲ: ਆਮਿਰ ਖਾਨ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਪਣੇ 35 ਸਾਲਾਂ ਦੇ ਕਰੀਅਰ ’ਚ ਕਦੇ ਵੀ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਅਤੇ ਇਸ ਸਬੰਧ ’ਚ ਜੋ ਵੀਡੀਉ ਸਾਹਮਣੇ ਆਇਆ ਹੈ, ਉਹ ‘ਫਰਜ਼ੀ’ ਹੈ। 

ਖਾਨ ਦੇ ਬੁਲਾਰੇ ਅਨੁਸਾਰ ਮੁੰਬਈ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਅਜਿਹਾ ਲਗਦਾ ਹੈ ਕਿ ਇਹ ਵੀਡੀਉ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ। 27 ਸੈਕਿੰਡ ਦੇ ਇਸ ਵੀਡੀਉ ’ਚ ਆਮਿਰ ਖਾਨ ਨੂੰ ਕੁੱਝ ਕਹਿੰਦੇ ਸੁਣਿਆ ਜਾ ਸਕਦਾ ਹੈ। ਬੁਲਾਰੇ ਨੇ ਦਸਿਆ ਕਿ ਆਮਿਰ ਖਾਨ ਨੇ ਕਈ ਸਾਲਾਂ ਤੋਂ ਚੋਣ ਕਮਿਸ਼ਨ ਜਾਗਰੂਕਤਾ ਮੁਹਿੰਮਾਂ ’ਚ ਹਿੱਸਾ ਲਿਆ ਹੈ ਪਰ ਕਦੇ ਵੀ ਕਿਸੇ ਸਿਆਸੀ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਆਮਿਰ ਖਾਨ ਨੇ ਅਪਣੇ 35 ਸਾਲਾਂ ਦੇ ਕਰੀਅਰ ’ਚ ਕਦੇ ਵੀ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਨੇ ਸਾਲਾਂ ਤੋਂ ਚੋਣ ਕਮਿਸ਼ਨ ਦੀਆਂ ਜਨਤਕ ਜਾਗਰੂਕਤਾ ਮੁਹਿੰਮਾਂ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ਯਤਨ ਕੀਤੇ ਹਨ।’’

ਉਨ੍ਹਾਂ ਕਿਹਾ, ‘‘ਅਸੀਂ ਹਾਲ ਹੀ ’ਚ ਵਾਇਰਲ ਹੋਏ ਇਕ ਵੀਡੀਉ ਨੂੰ ਲੈ ਕੇ ਚਿੰਤਤ ਹਾਂ, ਜਿਸ ’ਚ ਆਮਿਰ ਖਾਨ ਇਕ ਖਾਸ ਸਿਆਸੀ ਪਾਰਟੀ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਇਹ ਇਕ ਜਾਅਲੀ ਵੀਡੀਉ ਹੈ ਅਤੇ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਇਸ ਮੁੱਦੇ ਬਾਰੇ ਵੱਖ-ਵੱਖ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਅਤੇ ਮੁੰਬਈ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ’ਚ ਐਫ.ਆਈ.ਆਰ. ਦਰਜ ਕਰਵਾਈ ਹੈ।’’ ਆਮਿਰ ਖਾਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਅਤੇ ਚੋਣ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ।