Delhi Firing News : ਦਿੱਲੀ ਦੇ ਨੰਦਨਗਰ 'ਚ ਫਾਇਰਿੰਗ 'ਚ ASI ਦੀ ਮੌਤ, ਮਗਰੋਂ ਆਰੋਪੀ ਨੇ ਖੁਦ ਨੂੰ ਵੀ ਮਾਰੀ ਗੋਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਦਿਨੇਸ਼ ਸ਼ਰਮਾ ਦਿੱਲੀ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਸੀ

Delhi Firing

Delhi Firing News : ਰਾਜਧਾਨੀ ਦਿੱਲੀ ਦੇ ਨੰਦਨਗਰੀ 'ਚ ਇਕ ਵਿਅਕਤੀ ਨੇ ਦੋ ਲੋਕਾਂ ਨੂੰ ਗੋਲੀ ਮਾਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਇਹ ਘਟਨਾ ਮੀਤ ਨਗਰ ਫਲਾਈਓਵਰ 'ਤੇ ਵਾਪਰੀ ਹੈ। ਮ੍ਰਿਤਕ ਦਿਨੇਸ਼ ਸ਼ਰਮਾ ਦਿੱਲੀ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਸੀ। 

 

ਇਹ ਘਟਨਾ ਅੱਜ ਦੁਪਹਿਰ  11:45 ਵਜੇ ਦੇ ਕਰੀਬ ਉਸ ਸਮੇਂ ਵਾਪਰੀ ,ਜਦੋਂ ਮੀਤ ਨਗਰ ਫਲਾਈਓਵਰ 'ਤੇ ਸ਼ਖਸ ਨੇ ਅਚਾਨਕ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ 'ਚ ਦਿੱਲੀ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਦਿਨੇਸ਼ ਸ਼ਰਮਾ ਦੀ ਮੌਤ ਹੋ ਗਈ, ਜਦਕਿ 30 ਸਾਲਾ ਅਮਿਤ ਕੁਮਾਰ ਹਸਪਤਾਲ 'ਚ ਜ਼ੇਰੇ ਇਲਾਜ ਹੈ।


ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਨੇ ਅਚਾਨਕ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪਹਿਲੀ ਗੋਲੀ ਇੱਕ ਬਾਈਕ 'ਤੇ ਚਲਾਈ ਪਰ ਬਾਈਕ ਸਵਾਰ ਖੁਸ਼ਕਿਸਮਤ ਸੀ ਕਿ ਵਾਲ -ਵਾਲ ਬਚ ਗਿਆ। ਓਦੋਂ ਹੀ ਪਿੱਛੇ ਤੋਂ ਦਿਨੇਸ਼ ਸ਼ਰਮਾ ਆ ਰਹੇ ਸੀ, ਜਿਸ 'ਤੇ ਮੁਕੇਸ਼ ਨੇ ਗੋਲੀ ਚਲਾ ਦਿੱਤੀ। ਜਦੋਂ ਤੱਕ ਦਿਨੇਸ਼ ਸ਼ਰਮਾ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਤੁਰੰਤ ਬਾਅਦ ਮੁਕੇਸ਼ ਨੇ ਸਕੂਟਰੀ 'ਤੇ ਜਾ ਰਹੇ ਅਮਿਤ 'ਤੇ ਗੋਲੀ ਚਲਾ ਦਿੱਤੀ। ਗੋਲੀ ਅਮਿਤ ਦੀ ਕਮਰ 'ਚ ਲੱਗੀ ਹੈ, ਫਿਲਹਾਲ ਅਮਿਤ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

 

ਏਐਸਆਈ ਦਿਨੇਸ਼ ਸ਼ਰਮਾ ਦਿੱਲੀ ਪੁਲੀਸ ਦੀ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਸਨ। ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ, ਉਹ ਆਪਣੇ ਮੋਟਰਸਾਈਕਲ  'ਤੇ ਜਾ ਰਿਹਾ ਸੀ ਅਤੇ ਇਸ ਦੌਰਾਨ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਵਿਅਕਤੀ ਦੀ ਪਛਾਣ ਅਮਿਤ ਕੁਮਾਰ (30 ਸਾਲ) ਵਜੋਂ ਹੋਈ ਹੈ, ਜੋ ਸ਼ਿਵ ਵਿਹਾਰ, ਕਰਾਵਲ ਨਗਰ ਦਾ ਰਹਿਣ ਵਾਲਾ ਹੈ। ਉਸ ਦੀ ਕਮਰ ਵਿੱਚ ਗੋਲੀ ਲੱਗੀ ਸੀ।

 

ਖ਼ੁਦ ਨੂੰ ਵੀ ਮਾਰੀ ਗੋਲੀ  

ਇਸ ਤੋਂ ਬਾਅਦ ਦੋਸ਼ੀ ਮੁਕੇਸ਼ ਇੱਕ ਆਟੋ ਵਿੱਚ ਬੈਠ ਗਿਆ ਅਤੇ ਆਟੋ ਚਾਲਕ ਨੂੰ ਚੱਲਣ ਲਈ ਕਿਹਾ। ਜਦੋਂ ਆਟੋ ਚਾਲਕ ਨੇ ਮਨ੍ਹਾ ਕੀਤਾ ਤਾਂ ਮੁਕੇਸ਼ ਨੇ ਆਟੋ ਚਾਲਕ 'ਤੇ ਵੀ ਗੋਲੀ ਚਲਾ ਦਿੱਤੀ ਪਰ ਆਟੋ ਚਾਲਕ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਕੇਸ਼ ਨੇ ਆਟੋ ਦੀ ਪਿਛਲੀ ਸੀਟ 'ਤੇ ਬੈਠ ਕੇ ਆਪਣੇ ਸਿਰ 'ਚ ਗੋਲੀ ਮਾਰ ਲਈ।

 

ਫਿਲਹਾਲ ਇਸ ਪੂਰੇ ਮਾਮਲੇ 'ਤੇ ਦਿੱਲੀ ਪੁਲਸ ਦਾ ਕਹਿਣਾ ਹੈ ਕਿ 44 ਸਾਲਾ ਮੁਕੇਸ਼ ਨੰਦ ਨਗਰੀ ਝੁੱਗੀ ਦਾ ਰਹਿਣ ਵਾਲਾ ਹੈ। ਉਸ ਨੇ ਇਹ ਅਪਰਾਧ ਕਿਉਂ ਕੀਤਾ ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।