Patanjali Ayurved Case : ਬਾਬਾ ਰਾਮਦੇਵ ਨੂੰ ਅੱਜ ਵੀ ਨਹੀਂ ਮਿਲੀ ਸੁਪਰੀਮ ਕੋਰਟ ਤੋਂ ਮੁਆਫ਼ੀ, SC ਨੇ ਦਿੱਤਾ ਇਕ ਹਫਤੇ ਦਾ ਸਮਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਜਨਤਕ ਮੁਆਫੀ ਲਈ ਤਿਆਰ ਹਾਂ

Baba Ramdev

Patanjali Ayurved Case : ਐਲੋਪੈਥੀ ਦੇ ਖਿਲਾਫ ਪਤੰਜਲੀ ਦੇ ਕਥਿਤ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ 'ਚ ਬਾਬਾ ਰਾਮਦੇਵ ਨੂੰ ਮੰਗਲਵਾਰ ਨੂੰ ਵੀ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੱਜ ਵੀ ਬਾਬਾ ਰਾਮਦੇਵ ਨੂੰ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ 23 ਅਪ੍ਰੈਲ ਨੂੰ ਮੁੜ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਰਾਮਦੇਵ ਆਪਣੇ ਸਾਥੀ ਬਾਲਕ੍ਰਿਸ਼ਨ ਦੇ ਨਾਲ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਸਨ।

 

ਦਰਅਸਲ ਬਾਬਾ ਰਾਮਦੇਵ ਨੇ ਸੁਪਰੀਮ ਕੋਰਟ ਪਹੁੰਚ ਕੇ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ ਸੀ ਪਰ ਅਦਾਲਤ ਨੇ ਮੁਆਫੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਹਿਮਾ ਕੋਹਲੀ ਨੇ ਰਾਮਦੇਵ ਨੂੰ ਪੁੱਛਿਆ ਕਿ ਬਾਬਾ ਰਾਮਦੇਵ ਜੀ ਤੁਸੀਂ ਜੋ ਵੀ ਕੀਤਾ ਹੈ, ਕੀ ਅਸੀਂ ਤੁਹਾਨੂੰ ਮਾਫ਼ ਦੇ ਦੇਈਏ? ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਕੀਤਾ? ਇਸ 'ਤੇ ਰਾਮਦੇਵ ਨੇ ਕਿਹਾ ਕਿ ਸਾਡੇ ਤੋਂ ਜੋ ਗਲਤੀ ਹੋਈ ਹੈ ,ਉਸ ਲਈ ਅਸੀਂ ਮੁਆਫੀਨਾਮਾ ਦਾਖਲ ਕੀਤਾ ਹੈ ,ਅਜੇ ਵੀ ਅਸੀਂ ਮੁਆਫੀ ਮੰਗ ਰਹੇ ਹਾਂ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਆਚਾਰੀਆ ਬਾਲਕ੍ਰਿਸ਼ਨ ਦੇ ਹਲਫ਼ਨਾਮੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ‘ਗੁੰਮਰਾਹਕੁੰਨ’ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਬਿਨਾਂ ਸ਼ਰਤ ਮੁਆਫੀ ਮੰਗੀ ਸੀ। ਸੁਪਰੀਮ ਕੋਰਟ ਵਿੱਚ ਦਾਇਰ ਦੋ ਵੱਖ-ਵੱਖ ਹਲਫ਼ਨਾਮਿਆਂ ਵਿੱਚ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਪਿਛਲੇ ਸਾਲ 21 ਨਵੰਬਰ ਦੇ ਸੁਪਰੀਮ ਕੋਰਟ ਦੇ ਹੁਕਮਾਂ ਵਿੱਚ ਦਰਜ 'ਬਿਆਨ ਦੀ ਉਲੰਘਣਾ' ਲਈ ਬਿਨਾਂ ਸ਼ਰਤ ਮੁਆਫੀ ਮੰਗੀ ਹੈ।