Monsoon Update : ਇਸ ਸਾਲ ਹੋਵੇਗੀ ਭਾਰੀ ਬਾਰਿਸ਼, ਜੂਨ 'ਚ ਹੀ ਦਸਤਕ ਦੇਵੇਗਾ ਮਾਨਸੂਨ, ਜਾਣੋ IMD ਦੀ ਭਵਿੱਖਬਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੂਨ ਤੋਂ ਸਤੰਬਰ ਤੱਕ ਇਸ ਵਾਰ 87 ਸੈਂਟੀਮੀਟਰ ਦੇ ਕਰੀਬ ਮੀਂਹ ਪੈਣ ਦੀ ਸੰਭਾਵਨਾ

Monsoon 2024

IMD Alert For Rainfall : ਮੌਸਮ ਵਿਭਾਗ ਨੇ ਇਸ ਮਾਨਸੂਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸੋਮਵਾਰ ਨੂੰ ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਇਸ ਵਾਰ ਦੇਸ਼ ਵਿੱਚ ਮਾਨਸੂਨ ਸੀਜ਼ਨ ਦੌਰਾਨ ਲੰਬੀ ਮਿਆਦ ਦੀ ਔਸਤ (ਚਾਰ ਮਹੀਨੇ) ਦੀ 106 ਪ੍ਰਤੀਸ਼ਤ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਅਨੁਸਾਰ ਜੂਨ ਤੋਂ ਸਤੰਬਰ ਤੱਕ ਇਸ ਵਾਰ 87 ਸੈਂਟੀਮੀਟਰ ਦੇ ਕਰੀਬ ਮੀਂਹ ਪੈਣ ਦੀ ਸੰਭਾਵਨਾ ਹੈ।

 

80 ਫੀਸਦੀ ਕਿਸਾਨ ਮੀਂਹ 'ਤੇ ਨਿਰਭਰ  


ਜਾਣਕਾਰੀ ਅਨੁਸਾਰ ਦੇਸ਼ ਭਰ ਦੇ ਲਗਭਗ 80 ਫੀਸਦੀ ਕਿਸਾਨ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਮਾਨਸੂਨ ਦੇ ਮੀਂਹ 'ਤੇ ਨਿਰਭਰ ਹਨ। ਅਜਿਹੇ 'ਚ ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਸਹੀ ਨਿਕਲਦੀ ਹੈ ਤਾਂ ਇਸ ਵਾਰ ਦੇਸ਼ 'ਚ ਫਸਲ ਦੀ ਪੈਦਾਵਾਰ ਚੰਗੀ ਹੋਵੇਗੀ। ਜੇਕਰ ਕਣਕ ਦੀ ਫਸਲ ਚੰਗੀ ਮਾਤਰਾ 'ਚ ਹੋਈ ਤਾਂ ਇਸ ਦਾ ਸਿੱਧਾ ਅਸਰ ਮਹਿੰਗਾਈ ਨੂੰ ਘੱਟ ਕਰਨ 'ਤੇ ਪਵੇਗਾ।

 

ਇਨ੍ਹਾਂ ਰਾਜਾਂ ਨੂੰ ਛੱਡ ਕੇ ਦੇਸ਼ ਭਰ ਵਿੱਚ ਚੰਗੀ ਬਾਰਿਸ਼  


ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ WMO ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ 1951 ਤੋਂ 2023 ਤੱਕ ਦੇ ਅੰਕੜਿਆਂ 'ਤੇ ਕੰਮ ਕਰਨ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਇਸ ਮਾਨਸੂਨ ਸੀਜ਼ਨ ਵਿੱਚ ਚੰਗੀ ਬਾਰਿਸ਼ ਹੋਵੇਗੀ। ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ, ਪੂਰਬੀ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।

 

2023 ਵਿੱਚ 94 ਫੀਸਦੀ ਬਾਰਿਸ਼ ਹੋਈ ਸੀ 


ਇਸ ਤੋਂ ਪਹਿਲਾਂ ਮੌਸਮ ਵਿਗਿਆਨ ਏਜੰਸੀ ਸਕਾਈਮੇਟ ਨੇ 9 ਅਪ੍ਰੈਲ ਨੂੰ ਕਿਹਾ ਸੀ ਕਿ ਇਸ ਵਾਰ ਜੂਨ ਤੋਂ ਸਤੰਬਰ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 96 ਤੋਂ 104 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ 86.86 ਸੈਂਟੀਮੀਟਰ ਬਾਰਿਸ਼ ਨੂੰ ਆਮ ਮੰਨਿਆ ਜਾਂਦਾ ਹੈ। 2023 'ਚ 94 ਫੀਸਦੀ ਬਾਰਿਸ਼ ਹੋਈ ਸੀ ਅਤੇ 2022 'ਚ ਆਮ ਨਾਲੋਂ ਜ਼ਿਆਦਾ 106 ਫੀਸਦੀ ਬਾਰਿਸ਼ ਹੋਈ ਸੀ।

 

ਇੱਥੇ ਘੱਟ ਬਾਰਿਸ਼ ਹੋਵੇਗੀ


ਜਾਣਕਾਰੀ ਮੁਤਾਬਕ ਓਡੀਸ਼ਾ, ਅਸਾਮ, ਮਿਜ਼ੋਰਮ, ਨਾਗਾਲੈਂਡ, ਮਨੀਪੁਰ ਅਤੇ ਤ੍ਰਿਪੁਰਾ ਵਿੱਚ ਇਸ ਵਾਰ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 2023 ਦੇ ਮਾਨਸੂਨ ਸੀਜ਼ਨ 'ਚ 25 ਤੋਂ 30 ਸਤੰਬਰ ਦੇ ਵਿਚਕਾਰ ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਬਾਰਿਸ਼ ਖਤਮ ਹੋ ਗਈ ਸੀ।