IndiGo ਉਡਾਣ ਵਿਚ ਲਾਪਰਵਾਹੀ! ਜੇਕਰ ਜਹਾਜ਼ 1-2 ਮਿੰਟ ਹੋਰ ਹਵਾ 'ਚ ਰਹਿੰਦਾ ਤਾਂ ਖ਼ਤਮ ਹੋ ਜਾਣਾ ਸੀ ਬਾਲਣ, ਹਾਦਸਾ ਟਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਤੋਂ ਦਿੱਲੀ ਜਾ ਰਹੇ ਜਹਾਜ਼ 'ਚ ਸਵਾਰ ਯਾਤਰੀਆਂ ਦੇ ਸੁੱਕੇ ਸਾਹ

IndiGo

 

IndiGo Flight: ਨਵੀਂ ਦਿੱਲੀ - ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਸ਼ਨੀਵਾਰ ਨੂੰ ਅਯੁੱਧਿਆ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ਨੂੰ ਖ਼ਰਾਬ ਮੌਸਮ ਕਾਰਨ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਅਤੇ ਜਦੋਂ ਜਹਾਜ਼ ਉਥੇ ਉਤਰਿਆ ਤਾਂ ਦੇਖਿਆ ਗਿਆ ਕਿ ਉਸ ਵਿਚ ਸਿਰਫ਼ ਇਕ ਜਾਂ ਦੋ ਮਿੰਟ ਦਾ ਬਾਲਣ ਹੀ ਬਚਿਆ ਸੀ। ਦੂਜੇ ਪਾਸੇ ਏਅਰਲਾਈਨ ਨੇ ਸੋਮਵਾਰ ਨੂੰ ਕਿਹਾ ਕਿ ਜਹਾਜ਼ 'ਚ ਕਾਫੀ ਬਾਲਣਸੀ। ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਕ੍ਰਾਈਮ ਸਤੀਸ਼ ਕੁਮਾਰ ਨੇ 'ਐਕਸ' 'ਤੇ ਇੱਕ ਪੋਸਟ ਵਿਚ ਕਿਹਾ ਕਿ ਅਯੁੱਧਿਆ ਤੋਂ ਦਿੱਲੀ ਲਈ ਇੰਡੀਗੋ ਦੀ ਉਡਾਣ 6E-2702 ਦੁਆਰਾ ਯਾਤਰਾ ਕਰਦੇ ਸਮੇਂ ਉਨ੍ਹਾਂ ਨੂੰ ਦੁਖਦਾਈ ਅਨੁਭਵ ਹੋਇਆ।

ਉਨ੍ਹਾਂ ਦੱਸਿਆ ਕਿ ਫਲਾਈਟ ਦਾ ਟੇਕ ਆਫ ਟਾਈਮ ਦੁਪਹਿਰ 3:25 ਵਜੇ ਅਤੇ ਲੈਂਡਿੰਗ ਦਾ ਸਮਾਂ ਸ਼ਾਮ 4:30 ਵਜੇ ਸੀ, ਪਰ ਸ਼ਾਮ 4:15 ਵਜੇ ਦੇ ਕਰੀਬ ਪਾਇਲਟ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਮੌਸਮ ਖ਼ਰਾਬ ਹੈ ਅਤੇ ਜਹਾਜ਼ ਵਿਚ 45 ਮਿੰਟ ਤੱਕ ਉੱਡਣ ਲਈ ਬਾਲਣ ਹੈ। ਉਸ ਨੇ ਲਿਖਿਆ, "ਪਾਇਲਟ ਨੇ ਦੋ ਵਾਰ ਜਹਾਜ਼ ਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਖ਼ਰਾਬ ਮੌਸਮ ਕਾਰਨ ਅਜਿਹਾ ਨਹੀਂ ਕਰ ਸਕਿਆ ਅਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨ ਵਿੱਚ ਬਹੁਤ ਸਮਾਂ ਬਰਬਾਦ ਹੋਇਆ।"

ਉਨ੍ਹਾਂ ਅੱਗੇ ਲਿਖਿਆ ਕਿ ਸ਼ਾਮ 5:30 ਵਜੇ ਪਾਇਲਟ ਨੇ ਐਲਾਨ ਕੀਤਾ ਕਿ ਉਹ ਚੰਡੀਗੜ੍ਹ 'ਚ ਲੈਂਡ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਆਖਿਰਕਾਰ ਜਹਾਜ਼ ਸ਼ਾਮ 6:10 'ਤੇ ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਹੋਇਆ। ਕੁਮਾਰ ਨੇ ਐਤਵਾਰ ਸ਼ਾਮ ਨੂੰ ਪੋਸਟ 'ਚ ਕਿਹਾ ਕਿ ਜਦੋਂ ਜਹਾਜ਼ ਚੰਡੀਗੜ੍ਹ 'ਚ ਲੈਂਡ ਹੋਇਆ ਤਾਂ 115 ਮਿੰਟ ਬੀਤ ਚੁੱਕੇ ਸਨ ਕਿ 45 ਮਿੰਟ ਤੱਕ ਉਡਾਣ ਭਰਨ ਲਈ ਬਾਲਣ ਹੈ। ਕੁਮਾਰ ਨੇ ਇਹ ਵੀ ਕਿਹਾ ਕਿ ਲੈਂਡਿੰਗ ਤੋਂ ਬਾਅਦ ਉਨ੍ਹਾਂ ਨੂੰ ਚਾਲਕ ਦਲ ਤੋਂ ਪਤਾ ਲੱਗਾ ਕਿ ਸਿਰਫ 1-2 ਮਿੰਟ ਦਾ ਬਾਲਣ ਬਚਿਆ ਹੈ।

ਹਵਾਬਾਜ਼ੀ ਰੈਗੂਲੇਟਰ ਡੀਜੀਸੀਏ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਦਿੱਲੀ ਹਵਾਈ ਅੱਡੇ ਅਤੇ ਇੰਡੀਗੋ ਨੂੰ ਟੈਗ ਕਰਦੇ ਹੋਏ, ਉਨ੍ਹਾਂ ਨੇ ਪੋਸਟ ਵਿੱਚ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ? ਇੰਡੀਗੋ ਨੇ ਸੋਮਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਦਿੱਲੀ ਵਿੱਚ ਖਰਾਬ ਮੌਸਮ ਕਾਰਨ ਫਲਾਈਟ ਨੂੰ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਸੀ ਅਤੇ ਪਾਇਲਟ ਨੇ ਇੱਕ ਚੱਕਰ ਲਗਾਇਆ ਜੋ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦੇ ਅਨੁਸਾਰ ਹੈ। ਏਅਰਲਾਈਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਪ੍ਰਕਿਰਿਆ ਸੀ ਅਤੇ ਨਿਯਮਾਂ ਦੇ ਮੁਤਾਬਕ ਜਹਾਜ਼ ਨੂੰ ਬਦਲਵੇਂ ਹਵਾਈ ਅੱਡੇ 'ਤੇ ਲਿਜਾਣ ਲਈ ਕਾਫੀ ਬਾਲਣ ਸੀ।