Delhi High Court : PM ਮੋਦੀ ਖਿਲਾਫ਼ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ, ਜਾਣੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਦੂ ਦੇਵੀ ਦੇਵਤਿਆਂ ਦੇ ਨਾਂ 'ਤੇ ਵੋਟ ਦੇਣ ਦੀ ਕੀਤੀ ਸੀ ਅਪੀਲ

PM Modi /Delhi High Court

Delhi High Court: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਿੱਖ ਅਤੇ ਹਿੰਦੂ ਦੇਵੀ-ਦੇਵਤਿਆਂ ਅਤੇ ਧਾਰਮਿਕ ਸਥਾਨਾਂ ਦੇ ਨਾਂ 'ਤੇ ਵੋਟਾਂ ਮੰਗਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦੇ ਕੇ 6 ਸਾਲ ਲਈ ਪਾਬੰਦੀ ਲਗਾਈ ਜਾਵੇ। ਇਹ ਪਟੀਸ਼ਨ ਵਕੀਲ ਆਨੰਦ ਐਸ. ਜੋਧੇਲੇ ਦੀ ਤਰਫੋਂ ਦਾਇਰ ਕੀਤੀ ਗਈ ਹੈ।

 

ਪਟੀਸ਼ਨਕਰਤਾ ਨੇ ਲੋਕ ਪ੍ਰਤੀਨਿਧਤਾ ਕਾਨੂੰਨ ਦੇ ਤਹਿਤ ਪੀਐਮ ਮੋਦੀ ਨੂੰ ਅਯੋਗ ਠਹਿਰਾਉਣ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਦੇਵੀ-ਦੇਵਤਿਆਂ ਅਤੇ ਪੂਜਾ ਸਥਾਨਾਂ ਦੇ ਨਾਮ 'ਤੇ ਵੋਟ ਮੰਗਣ ਤੋਂ ਰੋਕਣ ਦਾ ਆਦੇਸ਼ ਦੇਣ ਦੀ ਮੰਗ ਵੀ ਕੀਤੀ ਹੈ। ਪਟੀਸ਼ਨ ਵਿੱਚ ਪੀਐਮ ਮੋਦੀ ਦੀ 9 ਅਪ੍ਰੈਲ ਨੂੰ ਪੀਲੀਭੀਤ ਵਿੱਚ ਹੋਈ ਰੈਲੀ ਦਾ ਹਵਾਲਾ ਦਿੱਤਾ ਗਿਆ ਹੈ।

 

ਹਿੰਦੂ ਦੇਵੀ ਦੇਵਤਿਆਂ ਦੇ ਨਾਂ 'ਤੇ ਵੋਟ ਦੇਣ ਦੀ ਕੀਤੀ ਸੀ ਅਪੀਲ  

 

ਪਟੀਸ਼ਨਕਰਤਾ ਨੇ ਕਿਹਾ ਹੈ ਕਿ ਕਥਿਤ ਤੌਰ 'ਤੇ ਭਗਵਾਨ ਅਤੇ ਪੂਜਾ ਸਥਾਨ ਦੇ ਨਾਮ 'ਤੇ ਵੋਟ ਮੰਗ ਕੇ ਪੀਐਮ ਮੋਦੀ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ, ਇਸ ਲਈ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਪੀਲੀਭੀਤ ਰੈਲੀ ਦਾ ਹਵਾਲਾ ਦਿੰਦੇ ਹੋਏ, ਪਟੀਸ਼ਨਕਰਤਾ ਨੇ ਕਿਹਾ ਹੈ ਕਿ ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਵੋਟਰਾਂ ਨੂੰ ਹਿੰਦੂ ਦੇਵੀ-ਦੇਵਤਿਆਂ ਅਤੇ ਹਿੰਦੂ ਪੂਜਾ ਸਥਾਨਾਂ ਦੇ ਨਾਲ-ਨਾਲ ਸਿੱਖ ਧਰਮ ਅਤੇ ਧਾਰਮਿਕ ਸਥਾਨਾਂ ਦੇ ਨਾਮ 'ਤੇ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ।

 

ਰਾਮ ਮੰਦਰ ਅਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੀਤਾ ਜ਼ਿਕਰ  


ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਪੀਐਮ ਮੋਦੀ ਨੇ ਪੀਲੀਭੀਤ ਰੈਲੀ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੇ ਰਾਮ ਮੰਦਰ ਦਾ ਨਿਰਮਾਣ ਕੀਤਾ ਹੈ। ਇਹ ਵੀ ਕਿਹਾ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਇਆ , ਗੁਰਦੁਆਰਿਆਂ ਵਿੱਚ ਵਰਤਾਏ ਜਾਣ ਵਾਲੇ ਲੰਗਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਤੋਂ ਜੀਐਸਟੀ ਹਟਾਇਆ। ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਪਸ ਲਿਆਂਦੇ , ਐਨਾ ਹੀ ਨਹੀਂ ਉਨ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਮੁਸਲਮਾਨਾਂ ਦਾ ਹਿਤੈਸ਼ੀ ਦੱਸਦੇ ਹੋਏ ਉਨ੍ਹਾਂ ਵਿਰੁੱਧ ਟਿੱਪਣੀਆਂ ਵੀ ਕੀਤੀਆਂ।