UPSC ਨੇ ਐਲਾਨੇ ਸਿਵਲ ਸੇਵਾਵਾਂ 2023 ਦੇ ਨਤੀਜੇ, 1016 ਉਮੀਦਵਾਰਾਂ ਨੇ ਪਾਸ ਕੀਤਾ ਇਮਤਿਹਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਦਿਤਿਆ ਸ਼੍ਰੀਵਾਸਤਵ ਨੇ UPSC 2023 ’ਚ ਹਾਸਲ ਕੀਤਾ ਪਹਿਲਾ ਸਥਾਨ

UPSC

ਨਵੀਂ ਦਿੱਲੀ: ਸਿਵਲ ਸੇਵਾਵਾਂ ਇਮਤਿਹਾਨ 2023 ’ਚ ਆਦਿੱਤਿਆ ਸ਼੍ਰੀਵਾਸਤਵ ਨੇ ਪਹਿਲਾ, ਅਨੀਮੇਸ਼ ਪ੍ਰਧਾਨ ਅਤੇ ਡੋਨੂਰੂ ਅਨੰਨਿਆ ਰੈੱਡੀ ਨੇ ਲੜੀਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਸ੍ਰੀਵਾਸਤਵ ਨੇ ‘ਇਲੈਕਟ੍ਰੀਕਲ ਇੰਜੀਨੀਅਰਿੰਗ’ ਨੂੰ ਅਪਣੇ ਵਿਕਲਪਕ ਵਿਸ਼ੇ ਵਜੋਂ ਚੁਣਿਆ ਸੀ। 

ਯੂ.ਪੀ.ਐਸ.ਸੀ. ਵਲੋਂ ਮੰਗਲਵਾਰ ਨੂੰ ਐਲਾਨੇ ਗਏ ਸਿਵਲ ਸੇਵਾਵਾਂ ਇਮਤਿਹਾਨ 2023 ਦੇ ਨਤੀਜਿਆਂ ਅਨੁਸਾਰ ਸ਼੍ਰੀਵਾਸਤਵ ਨੇ ਕਾਨਪੁਰ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ (ਬੈਚਲਰ ਆਫ ਟੈਕਨਾਲੋਜੀ) ’ਚ ਗ੍ਰੈਜੂਏਸ਼ਨ ਕੀਤੀ ਹੈ। 

ਰਾਊਰਕੇਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐਨ.ਆਈ.ਟੀ. ) ਤੋਂ ਕੰਪਿਊਟਰ ਸਾਇੰਸ (ਬੀ.ਟੈ.ਕ) ’ਚ ਗ੍ਰੈਜੂਏਟ ਅਨੀਮੇਸ਼ ਪ੍ਰਧਾਨ ਨੇ ਸਮਾਜ ਸ਼ਾਸਤਰ ਨੂੰ ਅਪਣੇ ਵਿਕਲਪਕ ਵਿਸ਼ੇ ਵਜੋਂ ਚੁਣਿਆ ਸੀ ਅਤੇ ਇਮਤਿਹਾਨ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। 

ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਭੂਗੋਲ ’ਚ ਬੈਚਲਰ (ਆਨਰਜ਼) ਦੀ ਪੜ੍ਹਾਈ ਕਰਨ ਵਾਲੀ ਡੋਨੂਰੂ ਅਨੰਨਿਆ ਰੈੱਡੀ ਨੇ ਇਮਤਿਹਾਨ ’ਚ ਤੀਜਾ ਸਥਾਨ ਹਾਸਲ ਕੀਤਾ। ਉਸ ਨੇ ਮਾਨਵ ਵਿਗਿਆਨ ਨੂੰ ਅਪਣੇ ਵਿਕਲਪਕ ਵਿਸ਼ੇ ਵਜੋਂ ਚੁਣਿਆ ਸੀ। ਕੁਲ 1,016 ਉਮੀਦਵਾਰਾਂ (664 ਪੁਰਸ਼ ਅਤੇ 352 ਔਰਤਾਂ) ਨੇ ਇਮਤਿਹਾਨ ਪਾਸ ਕੀਤੀ ਹੈ ਅਤੇ ਕਮਿਸ਼ਨ ਨੇ ਵੱਖ-ਵੱਖ ਸੇਵਾਵਾਂ ’ਚ ਨਿਯੁਕਤੀ ਲਈ ਉਨ੍ਹਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। 

ਸਿਵਲ ਸੇਵਾਵਾਂ ਇਮਤਿਹਾਨ ਦੇ ਸਫਲ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਯਤਨ ਆਉਣ ਵਾਲੇ ਸਮੇਂ ’ਚ ਸਾਡੇ ਦੇਸ਼ ਦੇ ਭਵਿੱਖ ਨੂੰ ਰੂਪ ਦੇਣਗੇ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵੱਕਾਰੀ ਇਮਤਿਹਾਨ ਵਿਚ ਫੇਲ੍ਹ ਹੋਣ ਵਾਲੇ ਉਮੀਦਵਾਰਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਵਿਚ ਸਫਲ ਹੋਣ ਦੇ ਮੌਕੇ ਮਿਲਣਗੇ ਅਤੇ ਭਾਰਤ ਵਿਚ ਅਜਿਹੇ ਮੌਕਿਆਂ ਦੀ ਕੋਈ ਕਮੀ ਨਹੀਂ ਹੈ ਜਿੱਥੇ ਉਨ੍ਹਾਂ ਦੀ ਪ੍ਰਤਿਭਾ ਸੱਚਮੁੱਚ ਚਮਕ ਸਕੇ। ਉਨ੍ਹਾਂ ਕਿਹਾ, ‘‘ਜਿਹੜੇ ਲੋਕ ਸਿਵਲ ਸੇਵਾ ਇਮਤਿਹਾਨ ’ਚ ਉਮੀਦ ਮੁਤਾਬਕ ਸਫਲਤਾ ਹਾਸਲ ਨਹੀਂ ਕਰ ਸਕੇ, ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸਫਲਤਾ ਮੁਸ਼ਕਲ ਹੋ ਸਕਦੀ ਹੈ ਪਰ ਯਾਦ ਰੱਖੋ ਕਿ ਇਹ ਤੁਹਾਡੀ ਯਾਤਰਾ ਦਾ ਅੰਤ ਨਹੀਂ ਹੈ। ਭਵਿੱਖ ’ਚ ਇਮਤਿਹਾਨ ’ਚ ਸਫਲਤਾ ਦੇ ਮੌਕੇ ਮਿਲਣਗੇ। ਪਰ ਭਾਰਤ ਮੌਕਿਆਂ ਦੀ ਧਰਤੀ ਤੋਂ ਪਰੇ ਹੈ ਜਿੱਥੇ ਤੁਹਾਡੀ ਪ੍ਰਤਿਭਾ ਸਹੀ ਅਰਥਾਂ ’ਚ ਚਮਕ ਸਕਦੀ ਹੈ। ਸਖਤ ਮਿਹਨਤ ਕਰਦੇ ਰਹੋ ਅਤੇ ਅਸੀਮ ਸੰਭਾਵਨਾਵਾਂ ਦੀ ਪੜਚੋਲ ਕਰੋ। ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ।’’

ਯੂ.ਪੀ.ਐਸ.ਸੀ. ਨੇ ਕਿਹਾ ਕਿ ਚੋਟੀ ਦੇ ਪੰਜ ਅਹੁਦਿਆਂ ’ਤੇ ਤਿੰਨ ਮਰਦ ਅਤੇ ਦੋ ਔਰਤਾਂ ਹਨ ਜਿਨ੍ਹਾਂ ਨੂੰ ਸਫਲਤਾ ਮਿਲੀ ਹੈ। ਸਿਧਾਰਥ ਰਾਮਕੁਮਾਰ ਅਤੇ ਰੂਹਾਨੀ ਨੇ ਸਿਵਲ ਸੇਵਾਵਾਂ ਦੀ ਇਮਤਿਹਾਨ ’ਚ ਲੜੀਵਾਰ ਚੌਥਾ ਅਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਚੋਟੀ ਦੇ 25 ਉਮੀਦਵਾਰਾਂ ’ਚ 10 ਔਰਤਾਂ ਅਤੇ 15 ਮਰਦ ਸ਼ਾਮਲ ਹਨ। 

ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.), ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ.) ਅਤੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਲਈ ਅਧਿਕਾਰੀਆਂ ਦੀ ਚੋਣ ਕਰਨ ਲਈ ਯੂਪੀਐਸਸੀ ਵਲੋਂ ਸਿਵਲ ਸੇਵਾਵਾਂ ਇਮਤਿਹਾਨ ਹਰ ਸਾਲ ਤਿੰਨ ਪੜਾਵਾਂ ’ਚ ਲਈ ਜਾਂਦੀ ਹੈ - ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ। ਸਫਲ ਉਮੀਦਵਾਰਾਂ ’ਚ 30 ਅਪਾਹਜ (16 ਹੱਡੀਆਂ ਦੇ ਤੌਰ ’ਤੇ ਅਪਾਹਜ, ਛੇ ਨੇਤਰਹੀਣ, ਪੰਜ ਸੁਣਨ ਤੋਂ ਅਸਮਰੱਥ ਅਤੇ ਤਿੰਨ ਮਲਟੀਪਲ ਅਪੰਗ) ਵੀ ਸ਼ਾਮਲ ਹਨ।