ਪੀੜਤਾਂ ਦੀ ਗਿਣਤੀ 82000 ਲਾਗੇ ਪਹੁੰਚੀ, 24 ਘੰਟਿਆਂ 'ਚ 100 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਵਿਡ-19 ਬਾਰੇ ਮੰਤਰੀ ਸਮੂਹ ਨੂੰ ਸ਼ੁਕਰਵਾਰ ਨੂੰ ਦਸਿਆ ਗਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲਿਆਂ ਵਿਚੋਂ 79 ਫ਼ੀ

File Photo

ਨਵੀਂ ਦਿੱਲੀ, 15 ਮਈ: ਕੋਵਿਡ-19 ਬਾਰੇ ਮੰਤਰੀ ਸਮੂਹ ਨੂੰ ਸ਼ੁਕਰਵਾਰ ਨੂੰ ਦਸਿਆ ਗਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲਿਆਂ ਵਿਚੋਂ 79 ਫ਼ੀ ਸਦੀ ਮਹਿਜ਼ 30 ਮਿਊਂਸਪਲ ਖੇਤਰਾਂ ਤੋਂ ਆਏ ਹਨ। ਦੇਸ਼ ਵਿਚ ਹੁਣ ਤਕ ਕੋਰੋਨਾ ਵਾਇਰਸ ਲਾਗ ਤੋਂ 2649 ਲੋਕਾਂ ਦੀ ਮੌਤ ਹੋਈ ਹੈ ਜਦਕਿ ਕੁਲ 81970 ਲੋਕ ਇਸ ਤੋਂ ਪੀੜਤ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਵੀਰਵਾਰ ਸਵੇਰੇ ਅੱਠ ਵਜੇ ਤੋਂ ਅੱਜ ਸਵੇਰੇ ਤਕ ਲਾਗ ਕਾਰਨ 100 ਲੋਕਾਂ ਦੀ ਮੌਤ ਹੋਈ ਹੈ ਅਤੇ ਦੇਸ਼ ਵਿਚ ਕੋਵਿਡ-19 ਦੇ 3967 ਨਵੇਂ ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਵਿਚ ਇਲਾਜ ਮਗਰੋਂ ਕੋਰੋਨਾ ਵਾਇਰਸ ਲਾਗ ਤੋਂ 1685 ਲੋਕ ਮੁਕਤ ਹੋਏ ਹਨ ਅਤੇ 34.06 ਫ਼ੀ ਸਦੀ ਦੀ ਦਰ ਨਾਲ ਹਾਲੇ ਤਕ 27920 ਲੋਕ ਕੋਰੋਨਾ ਵਾਇਰਸ ਲਾਗ ਤੋਂ ਮੁਕਤ ਹੋ ਕੇ ਅਪਣੇ ਘਰ ਜਾ ਚੁਕੇ ਹਨ। ਬਿਆਨ ਮੁਤਾਬਕ ਫ਼ਿਲਹਾਲ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਲਈ 51401 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੀ ਅਗਵਾਈ ਹੇਠ ਹੋਈ ਉੱਚ ਪਧਰੀ ਮੰਤਰੀ ਸਮੂਹ ਦੀ 15ਵੀਂ ਬੈਠਕ ਵਿਚ ਭਾਰਤ ਅਤੇ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਲਾਗ ਦੇ ਹਾਲਾਤ ਦੀ ਸਮੀਖਿਆ ਕੀਤੀ ਗਈ। ਬੈਠਕ ਵਿਚ ਦਸਿਆ ਗਿਆ ਕਿ ਦੁਨੀਆਂ ਭਰ ਵਿਚ ਕੋਵਿਡ-19 ਦੇ 42,48,389 ਮਾਮਲੇ ਆਏ ਹਨ ਜਿਨ੍ਹਾਂ ਵਿਚੋਂ 294046 ਲੋਕਾਂ ਦੀ ਮੌਤ ਹੋਈ ਹੈ ਅਤੇ ਮੌਤ ਦਰ 6.92 ਫ਼ੀ ਸਦੀ ਹੈ। ਦਸਿਆ ਗਿਆ ਕਿ ਭਾਰਤ ਵਿਚ ਮੌਤ ਦਰ 3.23ਫ਼ੀ ਸਦੀ ਹੈ ਅਤੇ ਕੁਲ 2649 ਲੋਕਾਂ ਦੀ ਮੌਤ ਹੋਈ ਹੈ। 3.4 ਦਿਨਾਂ ਵਿਚ ਮਾਮਲੇ ਦੁਗਣੇ ਹੋ ਰਹੇ ਹਨ ਅਤੇ ਮਰੀਜ਼ਾਂ ਦੀ ਗਿਣਤੀ 12.9 ਦਿਨਾਂ ਵਿਚ ਦੁਗਣੀ ਹੋ ਰਹੀ ਹੈ।  (ਏਜੰਸੀ)