ਕੋਰੋਨਾ ਮਰੀਜ਼ਾਂ ਦੀ ਮਦਦ ਅਤੇ ਮ੍ਰਿਤਕਾਂ ਦਾ ਸਸਕਾਰ ਕਰ ਮਿਸਾਲ ਬਣਿਆ ‘ਐਂਬੂਲੈਂਸ ਜੋੜਾ’
ਟਵਿੰਕਲ ਨੂੰ ਦੁਬਈ ’ਚ 2015 ’ਚ ਇਕ ਸੰਗਠਨ ਨੇ ‘ਪਹਿਲੀ ਮਹਿਲਾ ਐਂਬੂਲੈਂਸ ਚਾਲਕ’ ਬਣਨ ਲਈ ਸਨਮਾਨਤ ਕੀਤਾ ਗਿਆ।
ਨਵੀਂ ਦਿੱਲੀ : ‘ਐਂਬੂਲੈਂਸ ਜੋੜਾ’ ਦੇ ਨਾਂ ਤੋਂ ਜਾਣੇ ਜਾਂਦੇ ਹਿਮਾਂਸ਼ੂ ਕਾਲੀਆ ਅਤੇ ਟਵਿੰਕਲ ਕਾਲੀਆ ਕੋਰੋਨਾ ਪੀੜਤਾਂ ਨੂੰ ਛੇਤੀ ਤੋਂ ਛੇਤੀ ਇਲਾਜ ਦਿਵਾਉਣ ਅਤੇ ਵਾਇਰਸ ਕਾਰਨ ਦਮ ਤੋੜ ਚੁੱਕੇ ਮਰੀਜ਼ਾਂ ਦਾ ਅੰਤਮ ਸਸਕਾਰ ਕਰ ਕੇ ਕੋਵਿਡ-19 ਦੇ ਦੌਰ ’ਚ ਮਨੁੱਖਤਾ ਦੀ ਸੇਵਾ ਕਰ ਮਿਸਾਲ ਪੇਸ਼ ਕਰ ਰਹੇ ਹਨ। ਪੀ. ਪੀ. ਈ. ਕਿੱਟ, ਫੇਸ ਸ਼ੀਲਡ ਅਤੇ ਮਾਸਕ ਪਹਿਨੇ ਕਾਲੀਆ ਜੋੜਾ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ, ਉਨ੍ਹਾਂ ਲਈ ਦਵਾਈਆਂ ਮੁਹਈਆ ਕਰਾਉਣ, ਮਿ੍ਰਤਕਾਂ ਦੇ ਅੰਤਮ ਸਸਕਾਰ ਦਾ ਪ੍ਰਬੰਧ ਕਰਨ ਅਤੇ ਕਈ ਵਾਰ ਖ਼ੁਦ ਵੀ ਅੰਤਮ ਸਸਕਾਰ ਕਰ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।
ਉਨ੍ਹਾਂ ਦੀ ਐਂਬੂਲੈਂਸ ਹਰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸੜਕ ’ਤੇ ਹਮੇਸ਼ਾ ਤਿਆਰ ਖੜ੍ਹੀ ਰਹਿੰਦੀ ਹੈ। ਹਿਮਾਂਸ਼ੂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਗੱਲ ਦਾ ਰੀਕਾਰਡ ਨਹੀਂ ਰੱਖਦੇ ਪਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਅਸੀਂ ਰੋਜ਼ਾਨਾ ਕਰੀਬ 20-25 ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ’ਚ ਮਦਦ ਕਰ ਰਹੇ ਹਾਂ। ਅਸੀਂ ਕੋਵਿਡ-19 ਨਾਲ ਦਮ ਤੋੜਨ ਵਾਲੇ 80 ਲੋਕਾਂ ਦਾ ਅੰਤਮ ਸਸਕਾਰ ਕੀਤਾ ਹੈ ਅਤੇ 1000 ਤੋਂ ਵੱਧ ਲੋਕਾਂ ਦੇ ਅੰਤਮ ਸਸਕਾਰ ਦਾ ਪ੍ਰਬੰਧ ਕਰਨ ’ਚ ਮਦਦ ਕੀਤੀ ਹੈ। ਉਨ੍ਹਾਂ ਦਸਿਆ ਕਿ ਅਸੀਂ ਮੁਫ਼ਤ ਵਿਚ ਇਹ ਸੱਭ ਕਰ ਰਹੇ ਹਾਂ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ 2019 ’ਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤੀ ਜਾ ਚੁੱਕੀ ਅਤੇ ਕੈਂਸਰ ਤੋਂ ਜੰਗ ਜਿੱਤ ਚੁੱਕੀ ਟਵਿੰਕਲ ਨੇ ਦਸਿਆ ਕਿ ਉਨ੍ਹਾਂ ਨੂੰ ਮਿਊਰ ਵਿਹਾਰ ਤੋਂ ਇਕ ਮਰੀਜ਼ ਦੇ ਸਬੰਧ ’ਚ ਫੋਨ ਆਇਆ, ਜਿਸ ਨੇ ਹਸਪਤਾਲ ਲਿਜਾਂਦੇ ਸਮੇਂ ਆਟੋ ਰਿਕਸ਼ਾ ’ਚ ਹੀ ਦਮ ਤੋੜ ਦਿਤਾ ਸੀ। ਟਵਿੰਕਲ ਨੇ ਕਿਹਾ ਕਿ ਅਸੀਂ ਛੇਤੀ ਉੱਥੇ ਪਹੁੰਚੇ ਅਤੇ ਡਾਕਟਰ ਵਲੋਂ ਤਸਦੀਕ ਕਰਨ ਮਗਰੋਂ ਲਾਸ਼ ਦਾ ਅੰਤਮ ਸਸਕਾਰ ਕਰਵਾਇਆ।
ਕਾਲੀਆ ਜੋੜੇ ਦੀਆਂ ਦੋ ਧੀਆਂ ਹਨ ਪਰ ਭਾਰਤ ਦੇ ਇਸ ਸੱਭ ਤੋਂ ਗੰਭੀਰ ਸਿਹਤ ਸੰਕਟ ਵਿਚ ਉਨ੍ਹਾਂ ਦੀ ਨਿਜੀ ਵਚਨਬੱਧਤਾ ਲੋਕਾਂ ਦੀ ਮਦਦ ਕਰਨ ਦੇ ਉਨਾਂ ਦੇ ਉਤਸ਼ਾਹ ਵਿਚ ਰੁਕਾਵਟ ਨਹੀਂ ਬਣੀ। ਹਿਮਾਂਸ਼ੂ ਨੇ ਦਸਿਆ ਕਿ ਉਨ੍ਹਾਂ ਨੂੰ ਲੋਕ ਦਿੱਲੀ ਹੀ ਨਹੀਂ ਸਗੋਂ ਗਾਜ਼ੀਆਬਾਦ ਅਤੇ ਨੋਇਡਾ ਤੋਂ ਵੀ ਮਦਦ ਲਈ ਫੋਨ ਕਾਲ ਕਰਦੇ ਹਨ। ਟਵਿੰਕਲ ਨੂੰ ਦੁਬਈ ’ਚ 2015 ’ਚ ਇਕ ਸੰਗਠਨ ਨੇ ‘ਪਹਿਲੀ ਮਹਿਲਾ ਐਂਬੂਲੈਂਸ ਚਾਲਕ’ ਬਣਨ ਲਈ ਸਨਮਾਨਤ ਕੀਤਾ ਗਿਆ। ਹਿਮਾਂਸ਼ੂ ਨੂੰ 2016 ਵਿਚ ਮਲੇਸ਼ੀਆ ਵਿਚ ‘ਐਂਬੂਲੈਂਸ ਮੈਨ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।