ਪੋਸਟਰ ਮਾਮਲਾ: ਰਾਹੁਲ ਗਾਂਧੀ ਨੇ ਵੀ ਸ਼ੇਅਰ ਕੀਤਾ ਪੋਸਟਰ, ਕਿਹਾ- 'ਮੈਨੂੰ ਵੀ ਗ੍ਰਿਫ਼ਤਾਰ ਕਰੋ'
ਪੋਸਟਰ ਚਿਪਕਾਉਣ ਦੇ ਮਾਮਲੇ ’ਚ 25 ਐਫ਼ਆਈਆਰ ਦਰਜ ਕੀਤੀਆਂ ਹਨ ਤੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜੋ ਪੋਸਟਰ ਨੂੰ ਲੈ ਕੇ ਦਿੱਲੀ ’ਚ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਉਹਨਾਂ ਤੋਂ ਬਾਅਦ ਹੁਣ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਵੀ ਉਹੀ ਪੋਸਟਰ ਸ਼ੇਅਰ ਕੀਤੇ ਹਨ। ਰਾਹੁਲ ਗਾਂਧੀ ਨੇ ਪੋਸਟਰ ਦੀ ਤਸਵੀਰ ਸ਼ੇਅਰ ਕਰਦਿਆਂ ਕਿਹਾ ਕਿ ਮੈਨੂੰ ਵੀ ਗ੍ਰਿਫ਼ਤਾਰ ਕਰ ਲਵੋ। ਉੱਧਰ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਟਵਿਟਰ ਉੱਤੇ ਆਪਣੀ ਪ੍ਰੋਫ਼ਾਈਲ ਤਸਵੀਰ ਬਦਲ ਕੇ ਇਹੋ ਪੋਸਟਰ ਲਾ ਲਿਆ।
ਦਰਅਸਲ, ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਕਥਿਤ ਤੌਰ ’ਤੇ ਆਲੋਚਨਾ ਕਰਨ ਵਾਲੇ ਪੋਸਟਰ ਚਿਪਕਾਉਣ ਦੇ ਮਾਮਲੇ ’ਚ 25 ਐਫ਼ਆਈਆਰ ਦਰਜ ਕੀਤੀਆਂ ਹਨ ਤੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਹ ਪੋਸਟਰ ਦਿੱਲੀ ਦੇ ਕਈ ਹਿੱਸਿਆਂ ’ਚ ਲਾਏ ਗਏ ਸਨ। ਇਨ੍ਹਾਂ ਵਿਚ ਲਿਖਿਆ ਸੀ ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ?
ਇਹ ਪੋਸਟਰ ਦਿੱਲੀ ਦੇ ਕਈ ਇਲਾਕਿਆਂ ਜਿਵੇਂ ਸ਼ਾਹਦਰਾ, ਰੋਹਿਣੀ, ਰਿਠਾਲਾ, ਦਵਾਰਕਾ ਤੇ ਹੋਰ ਕਈ ਇਲਾਕਿਆਂ ’ਚ ਲੱਗੇ ਮਿਲੇ ਸਨ। ਬੀਤੀ 12 ਮਈ ਨੂੰ ਪੁਲਿਸ ਨੂੰ ਦਿੱਲੀ ਦੇ ਵਿਭਿੰਨ ਇਲਾਕਿਆਂ ਵਿੱਚ ਇਹ ਪੋਸਟਰ ਲੱਗੇ ਹੋਣ ਦੀ ਖ਼ਬਰ ਮਿਲੀ ਸੀ; ਜਿਸ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
13 ਮਈ ਤੱਕ ਸਾਰੇ ਪੋਸਟਰ ਹਟਾ ਦਿੱਤੇ ਗਏ। ਇੱਕ ਮੀਡੀਆ ਰਿਪੋਰਟ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ 19 ਸਾਲਾਂ ਦਾ ਇੱਕ ਲੜਕਾ ਵੀ ਹੈ, ਜਿਸ ਨੇ ਪੜ੍ਹਾਈ ਅਧਵਾਟੇ ਛੱਡ ਦਿੱਤੀ।
ਇਸ ਤੋਂ ਇਲਾਵਾ 30 ਸਾਲਾਂ ਦਾ ਇੱਕ ਆਟੋ ਡਰਾਇਵਰ ਹੈ ਤੇ 61 ਸਾਲਾਂ ਦਾ ਦਿਹਾੜੀਦਾਰ ਮਜ਼ਦੂਰ ਵੀ ਇਨ੍ਹਾਂ ’ਚ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਇੱਕ ਐਫ਼ਆਈਆਰ ਉੱਤਰੀ ਦਿੱਲੀ ’ਚ ਦਰਜ ਕੀਤੀ ਗਈ ਹੈ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਤਿੰਨ ਪੋਸਟਰ ਚਿਪਕਾਉਣ ਲਈ 500 ਰੁਪਏ ਦਿੱਤੇ ਗਏ। ਇੱਕ ਹੋਰ ਮਾਮਲਾ ਸ਼ਾਹਦਰਾ ’ਚ ਦਰਜ ਕੀਤਾ ਗਿਆ; ਜਿੱਥੇ ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫ਼ੁਟੇਜ ਬਰਾਮਦ ਕੀਤੀ ਤੇ ਇਸ ਘਟਨਾ ’ਚ ਸ਼ਾਮਲ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ।