ਪਿਓ ਦੀ ਹੈਵਾਨੀਅਤ : ਮਤਰੇਈ ਮਾਂ ਦੇ ਕਹਿਣ ’ਤੇ ਪਿਓ ਨੇ ਆਪਣੇ ਪੁੱਤ ਦਾ ਗਲਾ ਘੁੱਟ ਕੇ ਕੀਤਾ ਕਤਲ
ਮਾਸੂਮ ਦੀ ਮਾਂ ਦੀ ਕੁੱਝ ਸਾਲ ਪਹਿਲਾਂ ਹੋ ਗਈ ਸੀ ਮੌਤ
ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਰੌਂਗਟੇ ਖੜ੍ਹੇ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਤੇਜਾਜੀ ਨਗਰ ਥਾਣਾ ਖੇਤਰ ਦੇ ਲਿੰਬੋਦੀ 'ਚ ਇਕ ਪਿਓ ਨੇ ਆਪਣੇ ਹੀ 7 ਸਾਲ ਦੇ ਪੁੱਤਰ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਦਾ ਗਲ਼ ਘੁੱਟ ਕੇ ਕਤਲ ਕਰ ਫ਼ਰਾਰ ਹੋ ਗਿਆ।
ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਸ ਦੀ ਦੂਜੀ ਪਤਨੀ ਦੇ ਕਾਰਨ ਉਸ ਦੀ ਹੱਤਿਆ ਕੀਤੀ ਗਈ ਹੈ, ਕਿਉਂਕਿ ਉਹ ਉਸ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ ਸੀ। ਇਸ ਤੋਂ ਨਾਰਾਜ਼ ਹੋ ਕੇ ਉਹ ਆਪਣੇ ਪੇਕੇ ਘਰ ਚਲੀ ਗਈ। ਬੱਚੇ ਦੀ ਗਰਦਨ, ਹੱਥ, ਕਮਰ ਆਦਿ 'ਤੇ ਸੱਟ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।
ਪੁਲਿਸ ਅਨੁਸਾਰ ਸੱਤ ਸਾਲਾ ਪ੍ਰਤੀਕ ਪੁੱਤਰ ਸ਼ਸ਼ੀਪਾਲ ਵਾਸੀ ਸ਼ੰਕਰ ਮੁਹੱਲਾ ਦੀ ਲਾਸ਼ ਕਮਰੇ ਵਿਚ ਪਈ ਮਿਲੀ, ਜਿਸ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਦੋਸ਼ੀ ਪਿਤਾ ਸ਼ਸ਼ੀਪਾਲ ਅਜੇ ਫਰਾਰ ਹੈ। ਬੱਚੇ ਦੇ ਮਾਮੇ ਨੇ ਦਸਿਆ ਕਿ ਪ੍ਰਤੀਕ ਦੀ ਮਾਂ ਅੰਜੂ ਦੀ ਕਰੀਬ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਿਤਾ ਸ਼ਸ਼ੀਪਾਲ ਨੇ ਕਰੀਬ ਡੇਢ ਸਾਲ ਪਹਿਲਾਂ ਦੂਜਾ ਵਿਆਹ ਕਰਵਾ ਲਿਆ ਸੀ। ਵਿਆਹ ਦੇ ਬਾਅਦ ਤੋਂ ਹੀ ਮਤਰੇਈ ਮਾਂ ਪਾਇਲ ਪ੍ਰਤੀਕ ਨੂੰ ਪਰੇਸ਼ਾਨ ਕਰ ਰਹੀ ਸੀ। ਉਹ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ।
ਕੇਸ ਵਿਚ ਦਸਿਆ ਗਿਆ ਹੈ ਕਿ ਮਤਰੇਈ ਮਾਂ ਨੇ ਪ੍ਰਤੀਕ ਦੀ ਕਈ ਵਾਰ ਕੁੱਟਮਾਰ ਵੀ ਕੀਤੀ ਹੈ। ਉਹ ਇਨ੍ਹਾਂ ਨਾਲ ਨਹੀਂ ਰਹਿਣਾ ਚਾਹੁੰਦਾ ਸੀ। ਉਹ ਸਾਡੇ ਨਾਲ ਰਹਿਣਾ ਚਾਹੁੰਦਾ ਸੀ, ਪਰ ਅਸੀਂ ਉਸਨੂੰ ਨਹੀਂ ਭੇਜ ਰਹੇ ਸੀ। ਪਾਇਲ ਨੇ ਤਿੰਨ ਮਹੀਨੇ ਪਹਿਲਾਂ ਹੀ ਬੱਚੇ ਨੂੰ ਜਨਮ ਦਿਤਾ ਸੀ। ਇਸ ਤੋਂ ਪਹਿਲਾਂ ਵੀ ਇੱਕ ਵਾਰ ਉਸ ਨੂੰ ਝਾੜੂ ਨਾਲ ਕੁੱਟਿਆ ਗਿਆ ਸੀ। ਪੁਲਿਸ ਨੇ ਦਸਿਆ ਕਿ ਬੱਚੇ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਸ਼ਸ਼ੀਪਾਲ ਪੁੱਤਰ ਰਾਮਪ੍ਰਸਾਦ ਬਾਈਕ ਲੈ ਕੇ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਹ ਇੱਕ ਡਰਾਈਵਰ ਹੈ।
ਰਾਜੇਸ਼ ਨੇ ਦਸਿਆ ਕਿ ਐਤਵਾਰ ਰਾਤ ਪ੍ਰਤੀਕ ਆਪਣੀ ਦਾਦੀ ਨੂੰ ਪਿਤਾ ਨਾਲ ਸੌਣ ਲਈ ਕਹਿ ਕੇ ਉਪਰਲੇ ਕਮਰੇ ਵਿਚ ਚਲਾ ਗਿਆ। ਸਵੇਰੇ ਜਦੋਂ ਉਹ ਉਸ ਨੂੰ ਲੈਣ ਪਹੁੰਚੀ ਤਾਂ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਪ੍ਰਤੀਕ ਖੂਨ ਨਾਲ ਲੱਥਪੱਥ ਹਾਲਤ 'ਚ ਪਿਆ ਸੀ। ਇਸ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਇਸ ਦੀ ਸੂਚਨਾ ਦਿਤੀ ਗਈ। ਪਿਤਾ ਸ਼ਸ਼ੀਪਾਲ ਨੇ ਪ੍ਰਤੀਕ ਦੀ ਹੱਤਿਆ ਕਰ ਦਿਤੀ। ਸ਼ਸ਼ੀਪਾਲ ਦੀ ਪਤਨੀ ਹੁਣ ਆਪਣੇ ਪੇਕੇ ਘਰ ਨੰਦਨਪੁਰਾ (ਸ਼ਾਜਾਪੁਰ) ਚਲੀ ਗਈ ਹੈ। ਉਹ ਸ਼ਸ਼ੀਪਾਲ ਨੂੰ ਫੋਨ 'ਤੇ ਪ੍ਰਤੀਕ ਨਾਲ ਨਾ ਰਹਿਣ ਲਈ ਕਹਿ ਰਹੀ ਸੀ। ਇਸ ਕਾਰਨ ਉਹ ਘਰ ਵਾਪਸ ਵੀ ਨਹੀਂ ਆ ਰਹੀ ਸੀ।
ਰਿਸ਼ਤੇਦਾਰਾਂ ਨੇ ਦਸਿਆ ਕਿ ਪਿਤਾ ਸ਼ਸ਼ੀਪਾਲ ਨੇ ਬੱਚੇ ਨਾਲ ਕੀਤੀ ਕੁੱਟਮਾਰ ਦੀ ਵੀਡੀਓ ਵੀ ਬਣਾਈ ਹੈ। ਸ਼ਾਇਦ ਉਸ ਨੇ ਇਹ ਵੀਡੀਓ ਆਪਣੀ ਪਤਨੀ ਨੂੰ ਭੇਜਣ ਲਈ ਬਣਾਈ ਹੋਵੇਗੀ। ਪੁਲਿਸ ਨੂੰ ਇਹ ਵੀਡੀਓ ਉਸ ਦੇ ਮੋਬਾਈਲ 'ਚੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹੈਵਾਨ ਪਿਓ ਦੀ ਭਾਲ ਸ਼ੁਰੂ ਕਰ ਦਿੱਤੀ ਹੈ।