ਇਲਾਜ ਲਈ ਤਿੱਖੀ ਧੁੱਪ 'ਚ ਸੱਤ ਕਿਲੋਮੀਟਰ ਪੈਦਲ ਚੱਲੀ ਗਰਭਵਤੀ ਔਰਤ, ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

21 ਸਾਲਾ ਸੋਨਾਲੀ ਵਾਘਟ ਦੀ ਹੀਟ ਸਟ੍ਰੋਕ ਕਾਰਨ ਹੋਈ ਮੌਤ

Representational Image

ਮਹਾਰਾਸ਼ਟਰ ਦੇ ਪਾਲਘਰ ਤੋਂ ਸਾਹਮਣੇ ਆਇਆ ਮਾਮਲਾ 

ਪਾਲਘਾਰ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਗਰਭਵਤੀ ਕਬਾਇਲੀ ਔਰਤ ਦੀ ਇਕ ਪਿੰਡ ਤੋਂ ਇਕ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਤਕ ਸੱਤ ਕਿਲੋਮੀਟਰ ਪੈਦਲ ਚਲਣਾ ਪਿਆ। ਇੰਨਾ ਹੀ ਨਹੀਂ ਸਗੋਂ ਉਸ ਨੂੰ ਘਰ ਵਾਪਸ ਵੀ ਪੈਦਲ ਹੀ ਜਾਣਾ ਪਿਆ ਜਿਸ ਤੋਂ ਬਾਅਦ ਹੀਟ ਸਟ੍ਰੋਕ ਨਾਲ ਉਸ ਦੀ ਮੌਤ ਹੋ ਗਈ। 

ਪਾਲਘਰ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਸੰਜੇ ਬੋਦਾਡੇ ਨੇ ਦਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਦਾਹਾਨੂ ਤਾਲੁਕਾ ਦੇ ਪਿੰਡ ਓਸਰ ਵੀਰਾ ਦੀ ਸੋਨਾਲੀ ਵਾਘਟ (21) ਤੇਜ਼ ਧੁੱਪ 'ਚ 3.5 ਕਿਲੋਮੀਟਰ ਪੈਦਲ ਚੱਲ ਕੇ ਨੇੜਲੇ ਹਾਈਵੇਅ 'ਤੇ ਪਹੁੰਚੀ, ਜਿਥੇ ਉਸ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਉਥੋਂ ਇਕ ਆਟੋ ਰਿਕਸ਼ਾ ਵਿਚ ਤਵਾ ਪ੍ਰਾਇਮਰੀ ਹੈਲਥ ਸੈਂਟਰ ਪਹੁੰਚੀ। 

ਉਸ ਨੇ ਦਸਿਆ ਕਿ ਔਰਤ ਗਰਭ ਅਵਸਥਾ ਦੇ ਨੌਵੇਂ ਮਹੀਨੇ 'ਚ ਸੀ। ਪੀ.ਐਚ.ਸੀ. ਵਿਚ ਇਲਾਜ ਕਰਵਾ ਕੇ ਘਰ ਭੇਜ ਦਿਤਾ ਗਿਆ। ਘਰ ਵਾਪਸ ਜਾਣ ਲਈ ਵੀ ਸੋਨਾਲੀ ਨੂੰ ਤਿੱਖੀ ਧੁੱਪ ਵਿਚ 3.5 ਕਿਲੋਮੀਟਰ ਪੈਦਲ ਚਲਣਾ ਪਿਆ। ਨਤੀਜੇ ਵਜੋਂ ਸ਼ਾਮ ਨੂੰ, ਉਸ ਦੀ ਸਿਹਤ ਸਬੰਧੀ ਪੇਚੀਦਗੀਆਂ ਪੈਦਾ ਹੋ ਗਈਆਂ ਅਤੇ ਉਹ ਧੂੰਦਲਵਾੜੀ ਪੀ.ਐਚ.ਸੀ. ਗਈ, ਜਿਥੋਂ ਉਸ ਨੂੰ ਕਾਸਾ ਸਬ-ਡਵੀਜ਼ਨਲ ਹਸਪਤਾਲ (SDH) ਵਿਚ ਰੈਫ਼ਰ ਕਰ ਦਿਤਾ ਗਿਆ। 

ਡਾਕਟਰਾਂ ਨੇ ਉਸ ਦਾ ਮੁਢਲਾ ਇਲਾਜ ਕੀਤਾ ਅਤੇ ਉਸ ਦਾ ਤਾਪਮਾਨ ਬਹੁਤ ਜ਼ਿਆਦਾ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਦਾਹਾਨੂ ਦੇ ਢੰਢਲਵਾੜੀ ਦੇ ਇਕ ਵਿਸ਼ੇਸ਼ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ, ਜਿਥੇ ਉਹ 'ਅਰਧ-ਕਮੋਰਬਿਡ' ਹਾਲਤ ਵਿਚ ਪਾਈ ਗਈ। ਡਾਕਟਰ ਨੇ ਦਸਿਆ ਕਿ ਐਂਬੂਲੈਂਸ ਵਿਚ ਰਸਤੇ ਵਿਚ ਹੀ ਔਰਤ ਦੀ ਮੌਤ ਹੋ ਗਈ।

ਅਧਿਕਾਰੀ ਨੇ ਦਸਿਆ ਕਿ ਜਦੋਂ ਔਰਤ ਗਰਮ ਮੌਸਮ ਵਿਚ ਸੱਤ ਕਿਲੋਮੀਟਰ ਤਕ ਚੱਲੀ ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਹੀਟ ਸਟ੍ਰੋਕ ਕਾਰਨ ਉਸ ਦੀ ਮੌਤ ਹੋ ਗਈ। ਡਾ: ਬੋਦਾਦੇ ਨੇ ਦਸਿਆ ਕਿ ਉਨ੍ਹਾਂ ਨੇ ਪੀ.ਐਚ.ਸੀ ਅਤੇ ਐਸ.ਡੀ.ਐਚ ਦਾ ਦੌਰਾ ਕਰ ਕੇ ਘਟਨਾ ਦੀ ਵਿਸਥਾਰਪੂਰਵਕ ਜਾਂਚ ਕੀਤੀ।

ਪਾਲਘਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਪ੍ਰਕਾਸ਼ ਨਿਕਮ, ਜੋ ਸੋਮਵਾਰ ਸਵੇਰੇ ਕਾਸਾ ਐਸਡੀਐਚ ਵਿਚ ਮੌਜੂਦ ਸਨ, ਨੇ ਕਿਹਾ ਕਿ ਔਰਤ ਖ਼ੂਨ ਦੀ ਕਮੀ ਸੀ ਅਤੇ ਇਕ ਆਸ਼ਾ ਵਰਕਰ ਉਸ ਨੂੰ ਐਸ.ਡੀ.ਐਚ. ਵਿਚ ਲੈ ਕੇ ਆਈ ਸੀ। ਉਸ ਨੇ ਦਸਿਆ ਕਿ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਦਵਾਈਆਂ ਦਿਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਕਾਸਾ ਐਸ.ਡੀ.ਐਚ. ਕੋਲ ਐਮਰਜੈਂਸੀ ਦੀ ਸਥਿਤੀ ਵਿਚ ਅਜਿਹੇ ਮਰੀਜ਼ਾਂ ਦਾ ਇਲਾਜ ਕਰਨ ਲਈ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਅਤੇ ਮਾਹਰ ਡਾਕਟਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਸੁਵਿਧਾਵਾਂ ਹੁੰਦੀਆਂ ਤਾਂ ਆਦਿਵਾਸੀ ਔਰਤ ਦੀ ਜਾਨ ਬਚਾਈ ਜਾ ਸਕਦੀ ਸੀ। ਨਿਕਮ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਉੱਚ ਪੱਧਰ 'ਤੇ ਚੁੱਕਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।