ਰਾਜਸਥਾਨ 'ਚ ਗਾਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਲਕਾਨਾ ਹੱਕ ਲਈ ਜੱਜ ਨੇ ਸੁਣਾਇਆ ਅਨੋਖਾ ਫ਼ੈਸਲਾ

Cow brought to Rajasthan court in ownership case

ਜੈਪੁਰ : ਤੁਸੀ ਹੁਣ ਤਕ ਕਿਸੇ ਮਾਮਲੇ 'ਚ ਲੋਕਾਂ ਨੂੰ ਅਦਾਲਤ 'ਚ ਪੇਸ਼ ਹੁੰਦੇ ਤਾਂ ਵੇਖਿਆ ਹੋਵੇਗਾ, ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਗਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਦੋਸ਼ ਗਾਂ ਦਾ ਨਹੀਂ ਸੀ ਕਿ ਉਸ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੋਵੇ, ਸਗੋਂ ਗਾਂ ਦੀ ਮਾਲਕੀ ਬਾਰੇ ਉਸ ਨੂੰ ਅਦਾਲਤ 'ਚ ਪੇਣ ਹੋਣਾ ਪਿਆ।

ਇਹ ਮਾਮਲਾ ਰਾਜਸਥਾਨ ਦੇ ਜੋਧਪੁਰ ਦਾ ਹੈ, ਜਿਥੇ ਗਾਂ ਦੀ ਮਾਲਕੀ ਬਾਰੇ ਦੋ ਲੋਕਾਂ 'ਚ ਵਿਵਾਦ ਹੋ ਗਿਆ ਸੀ। ਇਸ ਮਾਮਲੇ 'ਚ ਸਬੰਧਤ ਵਕੀਲ ਦਾ ਕਹਿਣਾ ਹੈ ਕਿ ਓਮਪ੍ਰਕਾਸ਼ ਅਤੇ ਸ਼ਿਆਮ ਸਿੰਘ ਵਿਚਕਾਰ ਸਾਲ 2018 ਤੋਂ ਗਾਂ ਦੇ ਮਾਲਕਾਨਾ ਹੱਕ ਬਾਰੇ ਵਿਵਾਦ ਸੀ। ਜਦੋਂ ਆਪਸੀ ਗੱਲਬਾਤ ਨਾਲ ਇਹ ਮਾਮਲਾ ਨਹੀਂ ਸੁਲਝਿਆ ਤਾਂ ਦੋਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ। 

ਮਾਮਲਾ ਦਿਲਚਸਪ ਸੀ। ਜੱਜ ਨੇ ਕਿਹਾ ਕਿ ਗਾਂ ਨੂੰ ਵੀ ਅਦਾਲਤ 'ਚ ਲਿਆਇਆ ਜਾਣਾ ਚਾਹੀਦਾ ਹੈ। ਅਦਾਲਤ ਦੀ ਕਾਰਵਾਈ ਸ਼ੁਰੂ ਹੋਈ। ਸਾਰੇ ਸਬੂਤਾਂ 'ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਤੈਅ ਕੀਤਾ ਕਿ ਗਾਂ 'ਤੇ ਮਾਲਕਾਨਾ ਹੱਕ ਓਮਪ੍ਰਕਾਸ਼ ਦਾ ਬਣਦਾ ਹੈ ਅਤੇ ਗਾਂ ਉਸ ਦੇ ਹਵਾਲੇ ਕਰ ਦਿੱਤੀ ਗਈ।

ਗਾਂ ਦੇ ਮਾਲਕਾਨਾ ਹੱਕ ਦਾ ਫ਼ੈਸਲਾ ਕਰਨ ਲਈ ਕਈ ਤਰੀਕੇ ਵਰਤੇ ਗਏ, ਪਰ ਅੰਤ 'ਚ ਕੁਦਰਤੀ ਨਿਆਂ ਦਾ ਤਰੀਕਾ ਹੀ ਕੰਮ ਆਇਆ। ਇਸ ਤਹਿਤ ਫ਼ੈਸਲਾ ਲਿਆ ਗਿਆ ਕਿ ਗਾਂ ਨੂੰ ਦੋਹਾਂ ਦਾਅਵੇਦਾਰਾਂ ਦੇ ਘਰਾਂ ਵਿਚਕਾਰ ਖੜਾ ਕਰ ਦਿੱਤਾ ਜਾਵੇਗਾ। ਗਾਂ ਜਿਸ ਦੇ ਵੀ ਘਰ ਵੱਲ ਜਾਵੇਗੀ, ਉਹੀ ਗਾਂ ਦਾ ਮਾਲਕ ਹੋਵੇਗਾ। ਗਾਂ ਓਮਪ੍ਰਕਾਸ਼ ਦੇ ਘਰ ਚਲੀ ਗਈ। ਇਸ ਪੂਰੀ ਕਾਰਵਾਈ ਦੀ ਵੀਡੀਓਗ੍ਰਾਫ਼ ਵੀ ਕਰਵਾਈ ਗਈ। ਇਸ ਤੋਂ ਬਾਅਦ ਅਦਾਲਤ ਨੇ ਓਮਪ੍ਰਕਾਸ਼ ਦੇ ਹੱਕ 'ਚ ਫ਼ੈਸਲਾ ਸੁਣਾ ਦਿੱਤਾ।