21ਵੀਂ ਸਦੀ ਦੇ ਅਖੀਰ ਤੱਕ 4 ਡਿਗਰੀ ਤੱਕ ਵਧੇਗਾ ਦੇਸ਼ ਦਾ ਔਸਤ ਤਾਪਮਾਨ
ਦੇਸ਼ ਵਿਚ ਆਉਣ ਵਾਲੇ ਸਮੇਂ ਵਿਚ ਗਰਮੀ ਦਾ ਪ੍ਰਕੋਪ ਵਧਣ ਵਾਲਾ ਹੈ।
ਨਵੀਂ ਦਿੱਲੀ: ਦੇਸ਼ ਵਿਚ ਆਉਣ ਵਾਲੇ ਸਮੇਂ ਵਿਚ ਗਰਮੀ ਦਾ ਪ੍ਰਕੋਪ ਵਧਣ ਵਾਲਾ ਹੈ। 21ਵੀਂ ਸਦੀ ਦੇ ਅੰਤ ਤੱਕ ਔਸਤ ਤਾਪਮਾਨ ਵਿਚ 4.4 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦਾ ਅਨੁਮਾਨ ਹੈ, ਜਦਕਿ ਗਰਮੀ ਦੀਆਂ ਲਹਿਰਾਂ ਦੀ ਤੀਬਰਤਾ 3 ਤੋਂ 4 ਗੁਣਾ ਤੱਕ ਵਧ ਸਕਦੀ ਹੈ। ਅਜਿਹਾ ਦਾਅਵਾ ਮੌਸਮ ਵਿਚ ਤਬਦੀਲੀ ਬਾਰੇ ਸਰਕਾਰੀ ਰਿਪੋਰਟਾਂ ਵਿਚ ਕੀਤਾ ਗਿਆ ਹੈ।
ਧਰਤੀ ਵਿਗਿਆਨ ਮੰਤਰਾਲੇ ਦੀ ਰਿਪੋਰਟ ਮੁਤਾਬਕ ਭਾਰਤ ਵਿਚ 1901-2018 ਦੌਰਾਨ ਔਸਤ ਤਾਪਮਾਨ ਵਿਚ ਲਗਭਗ 0.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹਾ ਵੱਡੇ ਪੱਧਰ ‘ਤੇ ਗ੍ਰੀਨ ਹਾਊਸ ਗੈਰ- ਪ੍ਰੇਰਿਤ ਵਾਰਮਿੰਗ ਕਾਰਨ ਹੋਇਆ ਹੈ।
ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਹਰਸ਼ਵਰਧਨ ਮੰਗਲਵਾਰ ਨੂੰ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕਰ ਸਕਦੇ ਹਨ। ਰਿਪੋਰਟ ਨੂੰ ਸੈਂਟਰ ਫਾਰ ਕਲਾਈਮੇਟ ਚੇਂਜ ਰਿਸਰਚ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟੇਰੋਲੌਜੀ, ਪੁਣੇ ਦੀ ਇਕ ਸ਼ਾਖਾ ਹੈ।
ਸਭ ਤੋਂ ਗਰਮ ਦਿਨ, ਠੰਢੀ ਰਾਤ ਦੇ ਤਾਪਮਾਨ ਵਿਚ 4.7 ਡਿਗਰੀ ਵਾਧਾ
ਰਿਪੋਰਟ ਮੁਤਾਬਕ 21ਵੀਂ ਸਦੀ ਦੇ ਅੰਤ ਤੱਕ ਭਾਰਤ ਦੇ ਔਸਤ ਤਾਪਮਾਨ ਵਿਚ ਕਰੀਬ 4.4 ਡਿਗਰੀ ਸੈਲਸੀਅਸ ਵਾਧਾ ਹੋਣ ਦਾ ਅਨੁਮਾਨ ਹੈ। ਸਾਲ 1986 ਤੋਂ ਲੈ ਕੇ 2015 ਵਿਚਕਾਰ ਯਾਨੀ 30 ਸਾਲ ਦੀ ਮਿਆਦ ਵਿਚ ਸਭ ਤੋਂ ਗਰਮ ਦਿਨ ਅਤੇ ਸਭ ਤੋਂ ਠੰਢੀ ਰਾਤ ਦੇ ਤਾਪਮਾਨ ਵਿਚ 0.63 ਡਿਗਰੀ ਸੈਲਸੀਅਤ 0.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ।
ਸਦੀ ਦੇ ਅੰਤ ਤੱਕ ਸਭ ਤੋਂ ਗਰਮ ਦਿਨ ਅਤੇ ਸਭ ਤੋਂ ਠੰਢੀ ਰਾਤ ਦਾ ਤਾਪਮਾਨ 4.7 ਡਿਗਰੀ ਸੈਲਸੀਅਸ ਅਤੇ 5.5 ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਹੈ। ਗਰਮ ਦਿਨ ਅਤੇ ਗਰਮ ਰਾਤ ਦੀਆਂ ਘਟਨਾਵਾਂ 55 ਪ੍ਰਤੀਸ਼ਤ ਅਤੇ 70 ਪ੍ਰਤੀਸ਼ਤ ਤੱਕ ਵਧ ਸਕਦੀਆਂ ਹਨ। ਭਾਰਤ ਵਿਚ (ਅਪ੍ਰੈਲ-ਜੂਨ) ਦੀ ਗਰਮੀ ਦੀ ਲਹਿਰ 21ਵੀਂ ਸਦੀ ਦੇ ਅੰਤ ਤੱਕ 3 ਤੋਂ 4 ਗੁਣਾ ਜ਼ਿਆਦਾ ਹੋਣ ਦਾ ਅਨਮਾਨ ਹੈ।