ਮਤਭੇਦ ਭੁੱਲ ਕੇ ਦਿੱਲੀ 'ਚ ਕੋਰੋਨਾ ਦੀ ਲੜਾਈ ਵਿਚ ਹੱਥ ਮਿਲਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਹ ਨੇ ਸਰਬਦਲੀ ਬੈਠਕ ਵਿਚ ਕਿਹਾ

Amit Shah

ਨਵੀਂ ਦਿੱਲੀ, 15 ਜੂਨ : ਸਰਬਦਲੀ ਬੈਠਕ ਦੀ ਅਗਵਾਈ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਵਿਚ ਸਾਰੇ ਸਿਆਸੀ ਦਲਾਂ ਨੂੰ ਅਪਣੇ ਮੱਤਭੇਦ ਭੁੱਲ ਕੇ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਦੀ ਲੜਾਈ ਵਿਚ ਹੱਥ ਮਿਲਾਉਣਾ ਚਾਹੀਦਾ ਹੈ। ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਬਸਪਾ ਦੇ ਆਗੂਆਂ ਨੇ ਇਸ ਬੈਠਕ ਵਿਚ ਸ਼ਿਰਕਤ ਕੀਤੀ। ਸ਼ਾਹ ਨੇ ਚਾਰਾਂ ਦਲਾਂ ਨੂੰ ਅਪਣੇ ਵਰਕਰਾਂ ਨੂੰ ਦਿੱਲੀ ਸਰਕਾਰ ਦੇ ਕੋਰੋਨਾ ਵਾਇਰਸ ਦੇ ਦਿਸ਼ਾ-ਨਿਰਦੇਸ਼ਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ ਵਿਚ ਮਦਦ ਕਰਨ ਦੀ ਅਪੀਲ ਕਰਨ ਲਈ ਕਿਹਾ।

ਸ਼ਾਹ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਜਨਤਾ ਦਾ ਵਿਸ਼ਵਾਸ਼ ਵਧੇਗਾ ਅਤੇ ਦਿੱਲੀ ਵਿਚ ਕੋਵਿਡ-19 ਦੀ ਸਥਿਤੀ ਵਿਚ ਜਲਦ ਸੁਧਾਰ ਹੋਵੇਗਾ। ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਰੇ ਸਿਆਸੀ ਦਲਾਂ ਨੂੰ ਅਪਣੇ ਮੱਤਭੇਦ ਭੁਲਾ ਦੇਣੇ ਚਾਹੀਦੇ ਹਨ ਅਤੇ ਦਿੱਲੀ ਦੇ ਲੋਕਾਂ ਲਈ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ਸਾਨੂੰ ਨਵੇਂ ਉਪਾਅ ਅਪਣਾ ਕੇ ਦਿੱਲੀ ਵਿਚ ਕੋਰੋਨਾ ਦੀ ਜਾਂਚ ਵਧਾਉਣੀ ਹੈ।'' ਇਹ ਬੈਠਕ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਕੀਤੀ ਗਈ। (ਪੀਟੀਆਈ)