ਨੌਜਵਾਨਾਂ ਨੂੰ 4 ਸਾਲ ਨਹੀਂ, ਸਗੋਂ ਸਾਰੀ ਉਮਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ- ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਹੈ ਕਿ ਨੌਜਵਾਨਾਂ ਦੀ ਮੰਗ ਸਹੀ ਹੈ।

Arvind Kejriwal



ਨਵੀਂ ਦਿੱਲੀ: ਫੌਜ ਵਿਚ ਚਾਰ ਸਾਲ ਦੀ ਸੇਵਾ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪੱਥ ਯੋਜਨਾ ਖ਼ਿਲਾਫ਼ ਦੇਸ਼ ਦੇ ਕਈ ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਹੈ ਕਿ ਨੌਜਵਾਨਾਂ ਦੀ ਮੰਗ ਸਹੀ ਹੈ। ਉਹਨਾਂ ਨੇ ਮੋਦੀ ਸਰਕਾਰ ਨੂੰ ਵੀ ਇਹ ਨਸੀਹਤ ਦਿੱਤੀ ਹੈ ਕਿ ਨੌਜਵਾਨਾਂ ਨੂੰ 4 ਸਾਲ ਹੀ ਨਹੀਂ ਸਗੋਂ ਸਾਰੀ ਉਮਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।

Arvind Kejriwal

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, “ਫ਼ੌਜ ਦੀ ਭਰਤੀ ਸਬੰਧੀ ਕੇਂਦਰ ਦੀ ਨਵੀਂ ਯੋਜਨਾ ਦਾ ਦੇਸ਼ 'ਚ ਹਰ ਪਾਸੇ ਵਿਰੋਧ ਹੋ ਰਿਹਾ ਹੈ। ਨੌਜਵਾਨ ਨਾਰਾਜ਼ ਹਨ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ। ਨੌਜਵਾਨਾਂ ਨੂੰ 4 ਸਾਲ ਨਹੀਂ, ਸਗੋਂ ਸਾਰੀ ਉਮਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਪਿਛਲੇ ਦੋ ਸਾਲਾਂ ਤੋਂ ਫ਼ੌਜ ’ਚ ਭਰਤੀ ਨਾ ਹੋਣ ਕਾਰਨ Overage ਹੋਏ ਨੌਜਵਾਨਾਂ ਨੂੰ ਵੀ ਮੌਕਾ ਦਿੱਤਾ ਜਾਵੇ”।

Arvind Kejriwal

ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਅਗਨੀਪਥ ਸਕੀਮ ਨੂੰ ਨੌਜਵਾਨਾਂ ਨਾਲ ਧੋਖਾ ਦੱਸਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਫੌਜ ਨੂੰ ਸੁਰੱਖਿਆ ਗਾਰਡ ਟ੍ਰੇਨਿੰਗ ਸੈਂਟਰ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਯੋਜਨਾ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦੀ ਗਈ ਹੈ। ਸੰਜੇ ਸਿੰਘ ਨੇ ਕਿਹਾ ਕਿ 4 ਸਾਲ ਬਾਅਦ ਨੌਜਵਾਨ ਜਾਂ ਤਾਂ ਪ੍ਰਾਈਵੇਟ ਕੰਪਨੀਆਂ ਵਿਚ ਸਕਿਓਰਿਟੀ ਗਾਰਡ ਬਣੇਗਾ ਜਾਂ ਫਿਰ ਆਤਮ ਹੱਤਿਆ ਕਰਨ ਲਈ ਮਜਬੂਰ ਹੋਵੇਗਾ।

Tweet

ਅਗਨੀਪਥ ਸਕੀਮ ’ਤੇ MP ਰਾਘਵ ਚੱਢਾ ਦਾ ਬਿਆਨ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ, “ਕੇਂਦਰ ਸਰਕਾਰ ਦੀ "ਅਗਨੀਪਥ ਸਕੀਮ" ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਇਸ ਦੇ ਨਾਲ ਹੀ ਇਹ ਫ਼ੌਜ ਦੇ ਵੱਕਾਰ, ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ ਅਤੇ ਭਾਵਨਾਵਾਂ ਦੇ ਵੀ ਖ਼ਿਲਾਫ਼ ਹੈ। ਕੇਂਦਰ ਸਰਕਾਰ ਫੌਜ ਦੀ ਭਰਤੀ ਨੂੰ ਠੇਕਾ ਆਧਾਰਿਤ ਰੁਜ਼ਗਾਰ ਬਣਾ ਰਹੀ ਹੈ”।