ਵਕੀਲ ਨੇ 138 ਜੋੜਿਆਂ ਨੂੰ ਤਲਾਕ ਲੈਣ ਤੋਂ ਬਚਾਇਆ ਪਰ ਅਪਣਾ ਤਲਾਕ ਹੋਣ ਤੋਂ ਨਹੀਂ ਬਚਾ ਸਕਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋੜਿਆਂ ਤੋਂ ਨਹੀਂ ਲੈਂਦਾ ਸੀ ਫ਼ੀਸ ਆਰਥਿਕ ਤੰਗੀ ਕਰ ਕੇ ਪਤਨੀ ਨੇ ਲਿਆ ਤਲਾਕ 

File Photo

ਅਹਿਮਦਾਬਾਦ - ਵਕੀਲ ਦੇ ਤੌਰ 'ਤੇ 16 ਸਾਲ ਦੇ ਆਪਣੇ ਕਰੀਅਰ 'ਚ 138 ਜੋੜਿਆਂ ਨੂੰ ਮਨਾ ਕੇ ਤਲਾਕ ਨੂੰ ਰੋਕਣ ਵਾਲੇ ਵਕੀਲ ਦਾ ਅਪਣਾ ਹੀ ਤਲਾਕ ਹੋ ਗਿਆ ਹੈ। ਮਾਮਲਾ ਅਹਿਮਦਾਬਾਦ ਦਾ ਹੈ। ਗੁਜਰਾਤ ਹਾਈਕੋਰਟ ਵਿਚ ਪ੍ਰੈਕਟਿਸ ਕਰ ਰਹੇ ਵਕੀਲ ਨੂੰ ਉਸ ਦੀ ਪਤਨੀ ਨੇ ਤਲਾਕ ਦੇ ਦਿੱਤਾ ਹੈ। ਦਰਅਸਲ, ਪਤਨੀ ਘਰ ਵਿਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ ਅਤੇ ਜਦੋਂ ਵਕੀਲ ਕਿਸੇ ਜੋੜੇ ਨੂੰ ਤਲਾਕ ਲੈਣ ਤੋਂ ਰੋਕ ਲੈਂਦਾ ਸੀ ਤਾਂ ਉਹ ਉਹਨਾਂ ਤੋਂ ਫ਼ੀਸ ਨਹੀਂ ਲੈਂਦਾ ਸੀ, ਇਸ ਨੂੰ ਲੈ ਕੇ ਘਰ 'ਚ ਤਣਾਅ ਰਹਿੰਦਾ ਸੀ।

ਆਰਥਿਕ ਤੰਗੀ ਕਾਰਨ ਘਰ ਵਿਚ ਝਗੜੇ ਵਧਣ ਲੱਗੇ। ਫਿਰ ਪਤਨੀ-ਪਤੀ ਤੋਂ ਵੱਖ ਰਹਿਣ ਲੱਗੀ। ਅਦਾਲਤ ਵਿਚ ਤਲਾਕ ਦਾ ਕੇਸ ਵੀ ਚੱਲਣਾ ਸ਼ੁਰੂ ਹੋ ਗਿਆ। ਤਲਾਕ ਦੀ ਪ੍ਰਕਿਰਿਆ ਦੌਰਾਨ ਬੇਟੀ ਮਾਂ ਨਾਲ ਰਹਿਣ ਲੱਗੀ। ਪਤੀ-ਪਤਨੀ ਦੇ ਤਲਾਕ ਤੋਂ ਬਾਅਦ ਲਾਅ ਦੀ ਪੜ੍ਹਾਈ ਕਰ ਰਹੀ ਬੇਟੀ ਨੇ ਮਾਂ ਨੂੰ ਕਿਹਾ- ਮੇਰੇ ਪਿਤਾ ਮੇਰੇ ਰੋਲ ਮਾਡਲ ਹਨ। ਇਸ ਲਈ ਮੈਂ ਆਪਣੇ ਪਿਤਾ ਕੋਲ ਰਹਾਂਗੀ।

ਬਾਲਗ ਧੀ ਆਪਣੇ ਪਿਤਾ ਕੋਲ ਰਹਿਣ ਚਲੀ ਗਈ। ਪਤਨੀ ਨੇ ਪਤੀ ਤੋਂ ਕੋਈ ਗੁਜਾਰਾ ਨਹੀਂ ਮੰਗਿਆ। ਅਪਣੀ ਚਚੇਰੀ ਭੈਣ ਦੇ ਤਲਾਕ ਤੋਂ ਬਾਅਦ, ਵਕੀਲ ਨੇ ਫੈਸਲਾ ਕੀਤਾ ਕਿ ਉਹ ਆਪਣੀ ਪੂਰੀ ਕੋਸ਼ਿਸ਼ ਕਰੇਗਾ ਕਿ ਮੇਰੇ ਕੋਲ ਆਏ ਜੋੜਿਆਂ ਦਾ ਤਲਾਕ ਨਾ ਹੋਵੇ। 

ਮੈਂ ਪਤਨੀ ਨੂੰ ਸਮਝਾ ਨਹੀਂ ਸਕਿਆ - ਵਕੀਲ
138 ਜੋੜਿਆਂ ਨੂੰ ਮਨਾਉਣ ਦੇ ਬਾਵਜੂਦ ਮੈਂ ਆਪਣੀ ਪਤਨੀ ਨੂੰ ਸਮਝਾ ਨਹੀਂ ਸਕਿਆ। ਜੇ ਤਲਾਕ ਨਾ ਹੁੰਦਾ ਤਾਂ ਮੈਂ ਫੀਸ ਨਹੀਂ ਲੈਣੀ ਸੀ। ਇਸ ਕਾਰਨ ਮੇਰੀ ਆਮਦਨ ਨਹੀਂ ਵਧ ਰਹੀ ਸੀ। ਹੋਰ ਵਕੀਲਾਂ ਦੀ ਜੀਵਨ ਸ਼ੈਲੀ ਨੂੰ ਦੇਖ ਕੇ ਪਤਨੀ ਸੋਚਦੀ ਸੀ ਕਿ ਮੈਂ ਵਕਾਲਤ ਦੇ ਮਾਮਲੇ ਵਿਚ ਅਨਫਿੱਟ ਹਾਂ।