ਭਾਜਪਾ ਸੰਸਦ ਮੈਂਬਰ ਸੁਰੇਸ਼ ਗੋਪੀ ਨੇ ਇੰਦਰਾ ਗਾਂਧੀ ਬਾਰੇ ਕੀਤੀਆਂ ਟਿਪਣੀਆਂ ’ਤੇ ਸਪੱਸ਼ਟੀਕਰਨ ਦਿਤਾ
ਫਿਰ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼, ਦਸਿਆ ਆਜ਼ਾਦੀ ਤੋਂ ਬਾਅਦ ਅਤੇ ਅਪਣੀ ਮੌਤ ਤਕ ਭਾਰਤ ਦੀ ਅਸਲ ਨਿਰਮਾਤਾ
ਤਿਰੂਵਨੰਤਪੁਰਮ: ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਉਨ੍ਹਾਂ ਦੀ ਟਿਪਣੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਐਤਵਾਰ ਨੂੰ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਰਹੂਮ ਨੇਤਾ ਨੂੰ ਦੇਸ਼ ਵਿਚ ਕਾਂਗਰਸ ਪਾਰਟੀ ਦੀ ਮਾਂ ਕਿਹਾ ਸੀ ਅਤੇ ਮੀਡੀਆ ਨੇ ਉਨ੍ਹਾਂ ਦੀ ਟਿਪਣੀ ਦਾ ਗਲਤ ਅਰਥ ਕਢਿਆ।
ਅਦਾਕਾਰ ਤੋਂ ਸਿਆਸਤਦਾਨ ਬਣੇ ਗੋਪੀ ਨੇ ਕਿਹਾ ਕਿ ਉਹ ਅਪਣੇ ਦਿਲ ਦੀਆਂ ਭਾਵਨਾਵਾਂ ਅਨੁਸਾਰ ਗੱਲ ਕਰਨ ਵਾਲੇ ਵਿਅਕਤੀ ਹਨ ਅਤੇ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਇੰਦਰਾ ਗਾਂਧੀ ਬਾਰੇ ਉਨ੍ਹਾਂ ਨੇ ਜੋ ਕਿਹਾ ਉਸ ਵਿਚ ਕੁੱਝ ਵੀ ਗਲਤ ਨਹੀਂ ਹੈ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਾਜਪਾ ਨੇਤਾ ਨੇ ਪੱਤਰਕਾਰਾਂ ਨੂੰ ਪੁਛਿਆ ਕਿ ਕੀ ਉਹ ਭਾਸ਼ਾ ਦੇ ਪ੍ਰਸੰਗਿਕ ਅਰਥਾਂ ਨੂੰ ਨਹੀਂ ਸਮਝਦੇ।
ਸੁਰੇਸ਼ ਗੋਪੀ ਨੇ ਅਪਣੀ ਟਿਪਣੀ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ, ‘‘ਮੈਂ ਕੀ ਕਿਹਾ, ਜਿੱਥੋਂ ਤਕ ਕਾਂਗਰਸ ਦਾ ਸਵਾਲ ਹੈ, ਚਾਹੇ ਕੋਈ ਇਸ ਨੂੰ ਪਸੰਦ ਕਰਦਾ ਹੈ ਜਾਂ ਨਹੀਂ... ਕਰੁਣਾਕਰਨ ਕੇਰਲ ’ਚ ਕਾਂਗਰਸ ਪਾਰਟੀ ਦੇ ਪਿਤਾ ਹਨ। ਭਾਰਤ ’ਚ ਕਾਂਗਰਸ ਪਾਰਟੀ ਦੀ ਮਾਂ ਇੰਦਰਾ ਗਾਂਧੀ ਹੈ। ਮੈਂ ਇਹ ਗੱਲ ਅਪਣੇ ਦਿਲੋਂ ਕਹੀ ਹੈ।’’ ਹਾਲਾਂਕਿ, ਕੇਂਦਰੀ ਪਟਰੌਲੀਅਮ ਅਤੇ ਸੈਰ-ਸਪਾਟਾ ਰਾਜ ਮੰਤਰੀ ਨੇ ਐਤਵਾਰ ਨੂੰ ਵੀ ਇੰਦਰਾ ਗਾਂਧੀ ਦੀ ਤਾਰੀਫ਼ ਕੀਤੀ।
ਉਨ੍ਹਾਂ ਕਿਹਾ, ‘‘ਇੰਦਰਾ ਗਾਂਧੀ ਆਜ਼ਾਦੀ ਤੋਂ ਬਾਅਦ ਅਤੇ ਅਪਣੀ ਮੌਤ ਤਕ ਭਾਰਤ ਦੀ ਅਸਲ ਨਿਰਮਾਤਾ ਹੈ। ਮੈਂ ਉਨ੍ਹਾਂ ਨੂੰ ਇਹ ਸਿਹਰਾ ਕਿਸੇ ਵੀ ਤਰ੍ਹਾਂ ਦੇਵਾਂਗਾ ਹੀ। ਮੈਂ ਉਸ ਵਿਅਕਤੀ ਨੂੰ ਸਿਰਫ ਇਸ ਲਈ ਨਹੀਂ ਭੁੱਲ ਸਕਦਾ ਕਿਉਂਕਿ ਉਹ ਸਿਆਸੀ ਤੌਰ ’ਤੇ ਵਿਰੋਧੀ ਪਾਰਟੀ ਤੋਂ ਸੀ ਜਿਸ ਨੇ ਦੇਸ਼ ਲਈ ਇਮਾਨਦਾਰੀ ਨਾਲ ਕੰਮ ਕੀਤਾ।’’
ਸੁਰੇਸ਼ ਗੋਪੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ‘ਮਦਰ ਆਫ਼ ਇੰਡੀਆ’ ਅਤੇ ਮਰਹੂਮ ਕਾਂਗਰਸੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੇ ਕਰੁਣਾਕਰਨ ਨੂੰ ‘ਦਲੇਰ ਪ੍ਰਸ਼ਾਸਕ’ ਦਸਿਆ ਸੀ। ਗੋਪੀ ਨੇ ਸਨਿਚਰਵਾਰ ਨੂੰ ਤ੍ਰਿਸੂਰ ਦੇ ਪੁੰਕੁੰਨਮ ਵਿਖੇ ਕਰੁਣਾਕਰਨ ਦੀ ਯਾਦਗਾਰ ‘ਮੁਰਲੀ ਮੰਦਰ’ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਟਿਪਣੀ ਕੀਤੀ।
ਗੋਪੀ ਨੇ ਤ੍ਰਿਸੂਰ ਲੋਕ ਸਭਾ ਸੀਟ ਜਿੱਤ ਕੇ ਕੇਰਲ ’ਚ ਭਾਜਪਾ ਦਾ ਖਾਤਾ ਖੋਲ੍ਹਿਆ। ਮੁਕਾਬਲਾ ਤਿਕੋਣਾ ਸੀ ਅਤੇ ਕਾਂਗਰਸ, ਭਾਜਪਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਸਖਤ ਮੁਕਾਬਲਾ ਸੀ।