ਕਰਨਾਟਕ ਦੇ ਮੁੱਖ ਮੰਤਰੀ ਦੋ ਮਹੀਨੇ 'ਚ ਹੀ ਰੋਣ ਲੱਗ ਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਡੀਐਸ-ਕਾਂਗਰਸ ਗਠਜੋੜ 'ਚ ਦਰਾੜ?

Kumaraswamy Cries During Rally

ਬੰਗਲੌਰ, ਕਰਨਾਟਕ ਦੀ ਜੇਡੀਐਸ-ਕਾਂਗਰਸ ਗਠਜੋੜ ਸਰਕਾਰ ਵਿਚ ਦਰਾੜ ਦੇ ਸਾਫ਼ ਸੰਕੇਤ ਦਿੰਦਿਆਂ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਉਹ ਰਾਜ ਦੇ ਸਿਖਰਲੇ ਅਹੁਦੇ 'ਤੇ ਖ਼ੁਸ਼ ਨਹੀਂ ਅਤੇ ਭਗਵਾਨ ਸ਼ਿਵ ਦੇ 'ਵਿਸ਼ ਕੰਠ' ਵਾਂਗ ਜ਼ਹਿਰ ਪੀ ਰਿਹਾ ਹੈ। ਬੀਤੀ 12 ਮਈ ਨੂੰ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਕਾਗਰਸ ਅਤੇ ਜੇਡੀਐਸ ਇਕ ਦੂਜੇ ਵਿਰੁਧ ਡਟ ਕੇ ਲੜੀਆਂ ਸਨ ਪਰ ਜਦ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਦੋਹਾਂ ਨੇ ਮਿਲ ਕੇ ਸਰਕਾਰ ਬਣਾ ਲਈ।

ਜੇਡੀਐਸ ਦੁਆਰਾ ਕੁਮਾਰਸਵਾਮੀ ਦੇ ਸਨਮਾਨ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਾਵੁਕ ਹੋ ਗਏ ਅਤੇ ਕਿਹਾ, 'ਤੁਸੀਂ ਸਾਰੇ ਖ਼ੁਸ਼ ਹੋ ਕਿ ਤੁਹਾਡਾ ਵੱਡਾ ਜਾਂ ਛੋਟਾ ਭਰਾ ਮੁੱਖ ਮੰਤਰੀ ਬਣ ਗਿਆ ਹੈ ਪਰ ਮੈਂ ਖ਼ੁਸ਼ ਨਹੀਂ ਹਾਂ।' ਕੁਮਾਰਸਵਾਮੀ ਨੇ ਕਿਹਾ, 'ਮੈਂ ਵਿਸ਼ ਕੰਠ (ਸੰਸਾਰ ਨੂੰ ਬਚਾਉਣ ਲਈ ਜ਼ਹਿਰ ਪੀਣ ਵਾਲੇ ਭਗਵਾਨ ਸ਼ਿਵ) ਵਾਂਗ ਜ਼ਹਿਰ ਪੀ ਰਿਹਾ ਹਾਂ।' ਮੁੱਖ ਮੰਤਰੀ ਦੀਆਂ ਅੱਖਾਂ ਵਿਚੋਂ ਹੰਝੂ ਨਿਕਲਦੇ ਵੇਖ ਕੇ ਪਾਰਟੀ ਕਾਰਕੁਨਾਂ ਅਤੇ ਸਮਰਥਕਾਂ ਦੀ ਭੀੜ ਨੇ ਬੁਲੰਦ ਆਵਾਜ਼ ਵਿਚ ਕਿਹਾ, 'ਅਸੀਂ ਤੁਹਾਡੇ ਨਾਲ ਹਾਂ।'

ਕੁਮਾਰਸਵਾਮੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉ ਤਾਕਿ ਅਜਿਹੀ ਸਰਕਾਰ ਬਣੇ ਜੋ ਕਿਸਾਨਾਂ, ਗ਼ਰੀਬਾਂ ਅਤੇ ਲੋੜਵੰਦਾਂ ਦੇ ਮੁੱਦੇ ਸੁਲਝਾਏ ਪਰ ਲੋਕਾਂ ਨੇ ਮੇਰੀ ਗੱਲ 'ਤੇ ਯਕੀਨ ਨਾ ਕੀਤਾ।' ਉਨ੍ਹਾਂ ਕਿਹਾ ਕਿ ਪੂਰੇ ਰਾਜ ਦੇ ਦੌਰੇ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਕਾਫ਼ੀ ਪਿਆਰ ਦਿਤਾ ਪਰ ਵੋਟਾਂ ਸਮੇਤ ਜੇਡੀਐਸਅ ਅਤੇ ਉਸ ਦੇ ਉਮੀਦਵਾਰਾਂ ਨੂੰ ਭੁਲਾ ਦਿਤਾ। ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਜੀ ਪਰਮੇਸ਼ਵਰ ਨੇ ਕੁਮਾਰਸਵਾਮੀ ਦੇ ਬਿਆਨ ਨੂੰ ਜ਼ਿਆਦਾ ਤਵੱਜੋ ਨਾ ਦਿਤੀ। 

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਉਹ ਅਜਿਹਾ ਕਹਿ ਸਕਦੇ ਹਨ, ਉਹ ਨਿਸ਼ਚੇ ਹੀ ਖ਼ੁਸ਼ ਹਨ। ਮੁੱਖ ਮੰਤਰੀ ਨੂੰ ਹਮੇਸ਼ਾ ਖ਼ੁਸ਼ ਰਹਿਣਾ ਪੈਂਦਾ ਹੈ। ਜੇ ਉਹ ਖ਼ੁਸ਼ ਹਨ ਤਾਂ ਅਸੀਂ ਸਾਰੇ ਖ਼ੁਸ਼ ਰਹਾਂਗੇ।' ਵਿਰੋਧੀ ਭਾਜਪਾ ਨੇ ਕੁਮਾਰਸਵਾਮੀ ਦੀ ਭਾਵੁਕ ਟਿਪਣੀ ਨੂੰ ਰੱਦ ਕਰ ਦਿਤਾ ਅਤੇ ਉਨ੍ਹਾਂ ਨੂੰ 'ਸ਼ਾਨਦਾਰ ਅਭਿਨੇਤਾ' ਕਰਾਰ ਦਿਤਾ। ਭਾਜਪਾ ਨੇ ਦੋਸ਼ ਲਾਇਆ ਕਿ ਕੁਮਾਰਸਵਾਮੀ ਆਮ ਆਦਮੀ ਨੂੰ ਮੂਰਖ ਬਣਾ ਰਹੇ ਹਨ। ਭਾਜਪਾ ਦੀ ਪ੍ਰਦੇਸ਼ ਇਕਾਈ ਨੇ ਟਵਿਟਰ 'ਤੇ ਲਿਖਿਆ, 'ਅਤੇ ਸਰਵਸ਼੍ਰੇਸਠ ਅਦਾਕਾਰੀ ਦਾ ਪੁਰਸਕਾਰ ਜਾਂਦਾ ਹੈ..।

ਪਾਰਟੀ ਨੇ ਕੁਮਾਰਸਵਾਮੀ ਦੀ ਵੀਡੀਉ ਕਲਿਪ ਟੈਗ ਕਰਦਿਆਂ ਕਿਹਾ, 'ਸਾਡੇ ਦੇਸ਼ ਨੇ ਪ੍ਰਤਿਭਾਵਾਨ ਅਭਿਨੇਤਾ ਪੈਦਾ ਕੀਤੇ ਹਨ। ਉਨ੍ਹਾਂ ਅਦਾਕਾਰਾਂ ਨੇ ਅਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਹੈ। ਕੁਮਾਰਸਵਾਮੀ ਦੇ ਤੌਰ 'ਤੇ ਸਾਡੇ ਕੋਲ ਇਕ ਹੋਰ ਸ਼ਾਨਦਾਰ ਅਭਿਨੇਤਾ ਹੈ, ਅਜਿਹਾ ਅਭਿਨੇਤਾ ਜਿਸ ਨੇ ਅਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਹਮੇਸ਼ਾ ਮੂਰਖ ਬਣਾਇਆ ਹੈ।'