ਝਰਨੇ ਹੇਠਾਂ ਨਹਾ ਰਹੇ ਲੋਕਾਂ 'ਤੇ ਡਿੱਗੀ ਚੱਟਾਨ, ਸੱਤ ਮਰੇ, 25 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਸਿਯਾਰ ਬਾਬਾ ਝਰਨੇ 'ਤੇ ਵੱਡਾ ਹਾਦਸਾ ਵਾਪਰ ਗਿਆ। ਪਾਣੀ ਦੇ ਝਰਨੇ ਉਤੇ ਚੱਟਾਨ ਡਿੱਗ ਜਾਣ ਕਾਰਨ ਉਥੇ ਨਹਾ ਰਹੇ ਸੱਤ ਜਣਿਆਂ ਦੀ...

Waterfall

ਰਿਆਸੀ,  ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਸਿਯਾਰ ਬਾਬਾ ਝਰਨੇ 'ਤੇ ਵੱਡਾ ਹਾਦਸਾ ਵਾਪਰ ਗਿਆ। ਪਾਣੀ ਦੇ ਝਰਨੇ ਉਤੇ ਚੱਟਾਨ ਡਿੱਗ ਜਾਣ ਕਾਰਨ ਉਥੇ ਨਹਾ ਰਹੇ ਸੱਤ ਜਣਿਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖ਼ਮੀ ਹੋ ਗਏ। ਰਿਆਸੀ ਦੇ ਸੀਨੀਅਰ ਪੁਲਿਸ ਅਧਿਕਾਰੀ ਤਾਹਿਰ ਸਜਾਦ ਭੱਟ ਨੇ ਦਸਿਆ ਕਿ ਘਟਨਾ ਕਰੀਬ ਸਾਢੇ ਤਿੰਨ ਵਜੇ ਵਾਪਰੀ। ਉੱਤਰ ਭਾਰਤ ਦੇ ਵੱਡੇ ਝਰਨਿਆਂ ਵਿਚ ਸ਼ਾਮਲ ਸਿਯਾਰਾ ਬਾਬਾ ਝਰਨਾ ਛੁੱਟੀਆਂ ਮਨਾਉਣ ਵਾਲੇ ਲੋਕਾਂ ਦੀ ਪਸੰਦ ਹੈ। 

ਭੱਟ ਨੇ ਦਸਿਆ ਕਿ ਪਹਾੜੀ ਤੋਂ ਟੁੱਟੀ ਚੱਟਾਨ ਪਾਣੀ ਦੇ ਝਰਨੇ 'ਤੇ ਆ ਡਿੱਗੀ ਜਿਸ ਦੇ ਹੇਠਾਂ ਲੋਕ ਨਹਾ ਰਹੇ ਸਨ। ਮੌਕੇ 'ਤੇ ਹੀ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਚੱਟਾਨ ਨਾਲ ਆਏ ਮਲਬੇ ਥੱਲੇ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਰਿਆਸੀ ਸ਼ਹਿਰ ਤੋਂ 10 ਕਿਲੋਮੀਟਰ ਦੂਰ ਪੈਂਦਾ ਝਰਨਾ ਸਿਯਾਰਾ ਬਾਬਾ ਚਨਾਬ ਦਰਿਆ 'ਤੇ ਹੈ।

ਸੌ ਫ਼ੁਟ ਤੋਂ ਜ਼ਿਆਦਾ ਉਚਾਈ ਤੋਂ ਡਿੱਗ ਰਹੇ ਪਾਣੀ ਦਾ ਸੁੰਦਰ ਨਜ਼ਾਰਾ ਸੈਲਾਨੀਆਂ ਨੂੰ ਖਿੱਚਦਾ ਹੈ ਅਤੇ ਭਾਰੀ ਗਿਣਤੀ ਵਿਚ ਸੈਲਾਨੀ ਇਥੇ ਆ ਕੇ ਨਹਾਉਂਦੇ ਹਨ। ਐਸਪੀ ਤਾਹਿਰ ਭੱਟ ਨੇ ਦਸਿਆ ਕਿ ਦੁਪਹਿਰ ਸਮੇਂ ਕੁੱਝ ਲੋਕ ਝਰਨੇ ਹੇਠ ਨਹਾ ਰਹੇ ਸਨ। ਮੀਂਹ ਕਾਰਨ ਚੱਟਾਨ ਟੁੱਟ ਕੇ ਉਨ੍ਹਾਂ ਉਪਰ ਆ ਡਿੱਗੀ। ਫ਼ੌਜ ਅਤੇ ਪੁਲਿਸ ਨੇ ਬਚਾਅ ਮੁਹਿੰਮ ਚਲਾਈ। ਇਸ ਨੂੰ ਉੱਤਰ ਭਾਰਤ ਦਾ ਸੱਭ ਤੋਂ ਵੱਡਾ ਝਰਨਾ ਮੰਨਿਆ ਜਾਂਦਾ ਹੈ। ਹਾਦਸੇ ਦਾ ਸ਼ਿਕਾਰ ਹੋਏ ਲੋਕ ਵੈਸ਼ਣੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ।  (ਏਜੰਸੀ)