ਕੋਰੋਨਾ ਵਾਇਰਸ ਨਾਲ ਇਕ ਦਿਨ ਵਿਚ 582 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਲਾਗ ਦੇ ਮਾਮਲੇ ਵੱਧ ਕੇ 936181 ਹੋਏ

Corona Virus

ਨਵੀਂ ਦਿੱਲੀ, 15 ਜੁਲਾਈ : ਭਾਰਤ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਸੱਭ ਤੋਂ ਵੱਧ 29429 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਦੇਸ਼ ਵਿਚ ਇਸ ਮਾਰੂ ਬੀਮਾਰੀ ਦੀ ਲਪੇਟ ਵਿਚ ਆਏ ਲੋਕਾਂ ਦੀ ਕੁਲ ਗਿਣਤੀ ਵੱਧ ਕੇ 936181 ਹੋ ਗਈ ਅਤੇ ਲਾਗ ਨਾਲ 582 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 24309 ਹੋ ਗਈ। ਇਹ ਲਗਾਤਾਰ ਚੌਥਾ ਦਿਨ ਹੈ ਜਦ ਕੋਵਿਡ ਲਾਗ ਦੇ ਇਕ ਦਿਨ ਵਿਚ 28000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੁਣ ਤਕ 592031 ਮਰੀਜ਼ ਠੀਕ ਹੋ ਚੁਕੇ ਹਨ ਜਦਕਿ 319840 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤਕ ਲਗਭਗ 63.24 ਫ਼ੀ ਸਦੀ ਮਰੀਜ਼ ਸਿਹਤਯਾਬ ਹੋ ਚੁਕੇ ਹਨ।

ਜਿਹੜੇ 582 ਲੋਕਾਂ ਦੀ ਬੁਧਵਾਰ ਨੂੰ ਮੌਤ ਹੋਈ, ਉਨ੍ਹਾਂ ਵਿਚ ਮਹਾਰਾਸ਼ਟਰ ਵਿਚ 213, ਕਰਨਾਟਕ ਵਿਚ 85, ਤਾਮਿਲਨਾਡੂ ਵਿਚ 67, ਆਂਧਰਾ ਪ੍ਰਦੇਸ਼ ਵਿਚ 43, ਦਿੱਲੀ ਵਿਚ 35, ਯੂਪੀ ਵਿਚ 28, ਪਛਮੀ ਬੰਗਾਲ ਵਿਚ 24,ਬਿਹਾਰ ਤੇ ਗੁਜਰਾਤ ਵਿਚ 14-14 ਅਤੇ ਮੱਧ ਪ੍ਰਦੇਸ਼ ਤੇ ਤੇਲੰਗਾਨਾ ਵਿਚ 10-10 ਲੋਕ ਸ਼ਾਮਲ ਹਨ। ਪੰਜਾਬ ਵਿਚ ਬੁਧਵਾਰ ਨੂੰ ਲਾਗ ਨਾਲ ਨੌਂ ਮਰੀਜ਼ਾ ਦੀ ਮੌਤ ਹੋਈ। ਜੰਮੂ ਕਸ਼ਮੀਰ ਵਿਚ ਅੱਠ, ਆਸਾਮ, ਹਰਿਆਣਾ ਅਤੇ ਉੜੀਸਾ ਵਿਚ ਚਾਰ ਚਾਰ, ਝਾਰਖੰਡ ਵਿਚ ਤਿੰਨ, ਚੰਡੀਗੜ੍ਹ ਵਿਚ ਦੋ ਅਤੇ ਅਰੁਣਾਂਚਲ ਪ੍ਰਦੇਸ਼, ਛੱਤੀਸਗੜ੍ਹ, ਗੋਆ, ਕੇਰਲਾ ਅਤੇ ਉਤਰਾਖੰਡ ਵਿਚ ਇਕ ਇਕ ਵਿਅਕਤੀ ਦੀ ਮੌਤ ਹੋ ਗਈ।

ਆਈਸੀਐਮਆਰ ਮੁਤਾਬਕ ਦੇਸ਼ ਵਿਚ 14 ਜੁਲਾਈ ਤਕ 12412664 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ ਜਿਨ੍ਹਾਂ ਵਿਚੋਂ ਮੰਗਲਵਾਰ ਨੂੰ 320161 ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤਕ ਦੇਸ਼ ਵਿਚ ਲਾਗ ਕਾਰਨ ਕੁਲ 24309 ਲੋਕਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚ ਮਹਾਰਾਸ਼ਟਰ ਵਿਚ 10695, ਦਿੱਲੀ ਵਿਚ 3446, ਗੁਜਰਾਤ ਵਿਚ 2069, ਤਾਮਲਿਨਾਡੂ ਵਿਚ 2099, ਯੂਪੀ ਵਿਚ 983, ਪਛਮੀ ਬੰਗਾਲ ਵਿਚ 980, ਕਰਨਾਟਕ ਵਿਚ 842, ਮੱਧ ਪ੍ਰਦੇਸ਼ ਵਿਚ 673 ਅਤੇ ਰਾਜਸਥਾਨ ਵਿਚ 525 ਲੋਕਾਂ ਦੀ ਮੌਤ ਹੋ ਚੁਕੀ ਹੈ। (ਏਜੰਸੀ)