ਕਾਂਗਰਸ ਨੇ ਪਾਇਲਟ ਨੂੰ ਕਿਹਾ-ਪਰਵਾਰ ਦੇ ਜੀਅ ਵਾਂਗ ਘਰ ਮੁੜ ਆਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਬਾਗ਼ੀ ਹੋਏ ਸਚਿਨ ਪਾਇਲਟ ਨੂੰ ਸਪੱਸ਼ਟ ਸੰਕੇਤ ਦਿੰਦਿਆਂ ਕਿਹਾ ਕਿ ਜੇ ਉਹ ਭਾਜਪਾ ਵਿਚ ਨਹੀਂ ਜਾਣਾ ਚਾਹੁੰਦੇ ਤਾਂ ਹਰਿਆਣਾ

Randeep Surjewal

ਜੈਪੁਰ, 15 ਜੁਲਾਈ : ਕਾਂਗਰਸ ਨੇ ਬਾਗ਼ੀ ਹੋਏ ਸਚਿਨ ਪਾਇਲਟ ਨੂੰ ਸਪੱਸ਼ਟ ਸੰਕੇਤ ਦਿੰਦਿਆਂ ਕਿਹਾ ਕਿ ਜੇ ਉਹ ਭਾਜਪਾ ਵਿਚ ਨਹੀਂ ਜਾਣਾ ਚਾਹੁੰਦੇ ਤਾਂ ਹਰਿਆਣਾ ਵਿਚ ਭਾਜਪਾ ਸਰਕਾਰ ਦੀ ਮੇਜ਼ਬਾਨੀ ਤਿਆਗ ਦੇਣ ਅਤੇ ਵਾਪਸ ਅਪਣੇ ਘਰ ਜੈਪੁਰ ਆ ਜਾਣ। ਰਾਜ ਦੀ ਅਸ਼ੋਕ ਗਹਿਲੋਤ ਸਰਕਾਰ ਤੋਂ ਬਗ਼ਾਵਤ ਕਰ ਕੇ ਪਾਇਲਟ ਅਤੇ ਕੁੱਝ ਵਿਧਾਇਕ ਹਰਿਆਣਾ ਦੇ ਮਾਨੇਸਰ ਦੇ ਦੋ ਹੋਟਲਾਂ ਵਿਚ ਰੁਕੇ ਹੋਏ ਹਨ। ਰਾਜਸਥਾਨ ਦੇ ਉਪ ਮੁਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਦੇ ਅਹੁਦਿਆਂ ਤੋਂ ਹਟਾਏ ਜਾਣ ਮਗਰੋਂ ਪਾਇਲਟ ਨੇ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ।

ਉਨ੍ਹਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਅਪਣੇ ਨੌਜਵਾਨ ਸਾਥੀ ਸਚਿਨ ਪਾਇਲਟ ਅਤੇ ਕਾਂਗਰਸ ਵਿਧਾਇਕਾਂ ਨੂੰ ਕਹਾਂਗੇ ਕਿ ਜੇ ਤੁਸੀਂ ਭਾਜਪਾ ਵਿਚ ਨਹੀਂ ਜਾਣਾ ਚਾਹੁੰਦੇ ਤਾਂ ਫਿਰ ਭਾਜਪਾ ਦੀ ਹਰਿਆਣਾ ਸਰਕਾਰ ਦੀ ਮੇਜ਼ਬਾਨੀ ਫ਼ੌਰਨ ਛੱਡ ਕੇ ਜੈਪੁਰ ਮੁੜ ਆਉ।' ਉਨ੍ਹਾਂ ਕਿਹਾ, 'ਭਾਜਪਾ ਦੇ ਕਿਸੇ ਵੀ ਆਗੂ ਨਾਲ ਗੱਲਬਾਤ ਅਤੇ ਚਰਚਾ ਬੰਦ ਕਰ ਦਿਉ। ਪਰਵਾਰ ਦੇ ਜੀਅ ਵਾਂਗ ਅਪਣੇ ਘਰ ਵਾਪਸ ਜੈਪੁਰ ਆ ਜਾਉ।

ਰਸਤੇ ਤੋਂ ਭਟਕੇ ਹੋਏ ਹਰ ਕਾਂਗਰਸ ਵਿਧਾਇਕ ਨੂੰ ਮੇਰੀ ਰਾਏ ਹੈ ਕਿ ਪਰਵਾਰ ਦੇ ਜੀਅ ਨੂੰ ਕਦੇ ਪਰਵਾਰ ਵਿਚ ਵਾਪਸ ਆਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।' ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਮੀਡੀਆ ਜ਼ਰੀਏ ਗੱਲਬਾਤ ਬੰਦ ਕਰਨ। ਸੁਰਜੇਵਾਲਾ ਨੇ ਕਿਹਾ, 'ਅਪਣੇ ਪਰਵਾਰ ਵਿਚ ਵਾਪਸ ਆਉ, ਪਰਵਾਰ ਵਿਚ ਬੈਠੋ ਅਤੇ ਪਰਵਾਰ ਵਿਚ ਅਪਣੀ ਗੱਲ ਰੱਖੋ। ਇਹ ਪਾਰਟੀ ਪ੍ਰਤੀ ਭਾਰਤੀ ਰਾਸ਼ਟਰੀ ਕਾਂਗਰਸ ਪ੍ਰਤੀ ਸੱਚੀ ਸ਼ਰਧਾ ਹੋਵੇਗੀ ਅਤੇ ਤੁਹਾਡੇ ਵਿਸ਼ਵਾਸ ਤੇ ਪ੍ਰਤੀਬੱਧਤਾ ਦਾ ਸੱਭ ਤੋਂ ਵੱਡਾ ਸਬੂਤ ਹੋਵੇਗਾ।' (ਏਜੰਸੀ)

ਭਾਜਪਾ ਵਿਚ ਸ਼ਾਮਲ ਨਹੀਂ ਹੋ ਰਿਹਾ : ਸਚਿਨ ਪਾਇਲਟ
ਰਾਜਸਥਾਨ ਦੇ ਉਪ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਕਮੇਟੀ ਦੇ ਅਹੁਦਿਆਂ ਤੋਂ ਹਟਾਏ ਜਾਣ ਮਗਰੋਂ ਸਚਿਨ ਪਾਇਲਟ ਨੇ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਰਾਜਸਥਾਨ ਵਿਚ ਕੁੱਝ ਆਗੂ ਉਨ੍ਹਾਂ ਦੇ ਭਾਜਪਾ ਵਿਚ ਜਾਣ ਦੀਆਂ ਅਫ਼ਵਾਹਾਂ ਨੂੰ ਹਵਾ ਦੇ ਰਹੇ ਹਨ ਤਾਕਿ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ,'ਮੈਂ ਕਾਂਗਰਸ ਨੂੰ ਰਾਜਸਥਾਨ ਦੀ ਸੱਤਾ ਵਿਚ ਵਾਪਸ ਲਿਆਉਣ ਅਤੇ ਭਾਜਪਾ ਨੂੰ ਹਰਾਉਣ ਲਈ ਬਹੁਤ ਮਿਹਨਤ ਕੀਤੀ।' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਭਾਜਪਾ ਵਿਚ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ। (ਏਜੰਸੀ)

ਭਾਰਤ ਦੀ ਸੰਸਾਰ ਰਣਨੀਤੀ ਮੁਸ਼ਕਲ ਵਿਚ, ਸਰਕਾਰ ਬੇਖ਼ਬਰ : ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਇਸ ਸਮੇਂ ਭਾਰਤ ਦੀ ਸੰਸਾਰ ਰਣਨੀਤੀ ਮੁਸ਼ਕਲ ਵਿਚ ਹੈ ਪਰ ਸਰਕਾਰ ਨੂੰ ਪਤਾ ਨਹੀਂ ਕਿ ਉਸ ਨੇ ਕੀ ਕਰਨਾ ਹੈ। ਉਨ੍ਹਾਂ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ, 'ਭਾਰਤ ਦੀ ਸੰਸਾਰ ਰਣਨੀਤੀ ਮੁਸ਼ਕਲ ਵਿਚ ਹੈ। ਅਸੀਂ ਹਰ ਜਗ੍ਹਾ ਤਾਕਤ ਅਤੇ ਸਨਮਾਨ ਗਵਾ ਚੁਕੇ ਹਾਂ। ਭਾਰਤ ਸਰਕਾਰ ਬੇਖ਼ਬਰ ਹੈ ਕਿ ਉਸ ਨੇ ਕੀ ਕਰਨਾ ਹੈ।' ਕਾਂਗਰਸ ਆਗੂ ਨੇ ਜਿਸ ਖ਼ਬਰ ਦਾ ਹਵਾਲਾ ਦਿਤਾ ਉਸ ਮੁਤਾਬਕ ਈਰਾਨ ਨੇ ਚਾਬਹਾਰ ਪ੍ਰਾਜੈਕਟ ਤੋਂ ਭਾਰਤ ਨੂੰ ਅਲੱਗ ਕਰ ਲਿਆ ਹੈ। ਇਹ ਪ੍ਰਾਜੈਕਟ ਚਾਬਾਹਾਰ ਨੂੰ ਅਫ਼ਗ਼ਾਨਿਸਤਾਨ ਸਰਹੱਦ ਲਾਗੇ ਜ਼ਹੇਦਾਨ ਤਕ ਰੇਲ ਨੈਟਵਰਕ ਨਾਲ ਜੋੜਨ ਦਾ ਹੈ।      (ਏਜੰਸੀ)